ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜ ਕੇ ਮੁਆਵਜ਼ੇ ਦੀ ਮੰਗ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 29 ਅਗਸਤ
ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਜੱਥੇਬੰਦੀਆਂ ਪੰਜਾਬ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆ ਵੱਲੋ ਡਿਪਟੀ ਕਮਿਸ਼ਨਰ ਗੁਰਦਾਸਪੁਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ-ਪੱਤਰ ਭੇਜ ਕਿ ਮੰਗ ਕੀਤੀ ਕਿ ਕੇਸੋਪੁਰ-ਮਿਆਣੀ ਛੰਭ ਵਿੱਚ ਮੱਛੀ ਪਾਲਕਾਂ ਦੀ ਹੜਾਂ ਵਿੱਚ ਰੁੜ ਗਈ ਮਛੀ ਦੇ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਦਿਤਾ ਜਾਵੇ।

ਵਫਦ ਵਿੱਚ ਸ਼ਾਮਲ ਕਿਸਾਨ ਆਗੂ ਸੁਖਦੇਵ ਸਿੰਘ ਭਾਗੋਕਾਵਾਂ, ਗੁਰਦੀਪ ਸਿੰਘ ਮੁਸਤਫਾਬਾਦ, ਅਸ਼ਵਨੀ ਕੁਮਾਰ ਲੱਖਣ ਕਲਾਂ, ਬਲਬੀਰ ਸਿੰਘ ਬੈਂਸ ਅੱਤੇ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਰੋਜ਼ਾਨਾ ਖ਼ਬਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੇਸੋਪੁਰ ਦੇ ਛੰਭ ਵਿੱਚ ਕਰੀਬ 300 ਏਕੜ ਪੰਚਾਇਤੀ ਜਮੀਨ ਕਰੀਬ ਡੇਢ ਦਰਜਨ ਪਰਿਵਾਰਾਂ ਨੇ ਠੇਕੇ ਤੇ ਲੈ ਕੇ ਮੱਛੀ ਪਾਲਣ ਦਾ ਕਾਰੋਬਾਰ ਕੀਤਾ ਹੋਇਆ ਸੀ। ਕਰੀਬ ਛੇ ਮਹੀਨੇ ਪਹਿਲਾਂ ਹੀ ਮੱਛੀ ਦਾ ਭੂੰਗ ਤਲਾਵਾਂ ਵਿੱਚ ਪਾਇਆ ਗਿਆ ਸੀ ਜਿਨ੍ਹਾਂ ਤਲਾਵਾਂ ਵਿੱਚ ਹੜ੍ਹ ਦਾ ਕਈ ਕਈ ਫੁੱਟ ਪਾਣੀ ਚੜ ਗਿਆ ਸੀ ਜਿਸ ਕਾਰਨ ਸਾਰੀ ਮੱਛੀ ਦਾ ਪੂੰਗ ਅਤੇ ਵੱਡੀ ਮੱਛੀ ਰੁੜ ਗਈ ਹੈ। ਉਨ੍ਹਾਂ ਕਿਹਾ ਕਿ ਮੱਛੀਧਾਰਕ ਪਰਿਵਾਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਜਦੋਂ ਕਿ ਕੁਝ ਸਮੇਂ ਬਾਅਦ ਮੱਛੀਧਾਰਕ ਪਰਿਵਾਰਾਂ ਨੇ ਇਸ ਜ਼ਮੀਨ ਦਾ ਠੇਕਾ ਵੀ ਅਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹੋਏ ਵੱਡੇ ਨੁਕਸਾਨ ਦੀ ਪੂਰਤੀ ਸਰਕਾਰ ਵੱਲੋਂ ਦਿੱਤੇ ਮੁਆਵਜੇ ਨਾਲ ਹੀ ਪੂਰੀ ਹੋ ਸਕਦੀ ਹੈ।
ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਖੇਤੀ ਦੇ ਇਸ ਸਹਾਇਕ ਧੰਦੇ ਨੂੰ ਬਚਾਉਣ ਲਈ ਮੱਛੀਧਾਰਕਾਂ ਦੇ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾਵੇ। ਆਗੂਆਂ ਪੰਜਾਬ ਵਿੱਚ ਕਿਸਾਨਾ, ਮਜ਼ਦੂਰਾਂ ਅਤੇ ਲੋਕਾਂ ਦੇ ਹੜ੍ਹਾਂ ਨਾਲ ਹਰ ਸਾਲ ਹੋਣ ਵਾਲੇ ਨੁਕਸਾਨ ਲਈ ਬੀਤੇ ਸਮੇਂ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਉੱਪਰ ਦੋਸ਼ ਲਾਇਆ ਕਿ ਕਿਸਾਨਾਂ ਤੇ ਆਮ ਲੋਕਾਂ ਦੇ ਵੱਡੇ ਪੱਧਰ ਤੇ ਹੋਏ ਨੁਕਸਾਨ ਲਈ ਇਹ ਧਿਰਾਂ ਜਿੰਮੇਵਾਰ ਹਨ। ਕਿਉਂਕਿ ਹੜ੍ਹਾਂ ਦੇ ਨੁਕਸਾਨ ਤੋਂ ਲੁਕਾਈ ਨੂੰ ਬਚਾਉਣ ਲਈ ਕਿਸੇ ਵੀ ਸਰਕਾਰ ਨੇ ਦਰਿਆਵਾਂ ਅਤੇ ਨਹਿਰਾਂ ਨਾਲੇ ਆਦਿ ਦੇ ਕੰਢਿਆਂ ਦੀ ਠੋਸ ਮਜਬੂਤੀ ਲਈ ਕਦੇ ਵੀ ਕੋਈ ਨੀਤੀ ਤੈਅ ਨਹੀਂ ਕੀਤੀ ਅਤੇ ਹਮੇਸ਼ਾ ਬਾਰਸ਼ਾਂ ਮੌਕੇ ਆਰਜੀ ਪ੍ਰਬੰਧ ਕੀਤੇ ਜਾਂਦੇ ਹਨ ਜੋ ਲੋਕਾਂ ਦੇ ਵੱਡੇ ਨੁਕਸਾਨ ਦਾ ਕਾਰਨ ਬਣਦੇ ਹਨ।

ਵਫ਼ਦ ਵਿੱਚ ਹੋਰਨਾਂ ਤੋਂ ਇਲਾਵਾ ਸਰਤਾਜ ਸਿੰਘ , ਰਜਿੰਦਰਪਾਲ ਸਿੰਘ , ਬਲਬੀਰ ਸਿੰਘ ਉੱਚਾ ਧਕਾਲਾ, ਨਰਿੰਦਰ ਸਿੰਘ ਮਲੀ,ਬਲਜਿੰਦਰ ਸਿੰਘ, ਹਰਦੀਪ ਸਿੰਘ ਵਿਸ਼ਾਲ ਨੰਦਾ ਅਤੇ ਹਰਬੰਸ ਸਿੰਘ ਸ਼ਾਮਲ ਸਨ।










