ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 29 ਅਗਸਤ
ਕਿਰਤੀ ਕਿਸਾਨ ਯੂਨੀਅਨ ਵਲੋਂ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਅਤੇ ਰੋਕਥਾਮ ਨਾਲ ਸਬੰਧਿਤ ਕੁੱਝ ਫੌਰੀ ਅਤੇ ਨੀਤੀ ਗਤ ਮੰਗਾਂ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣ ਲਈ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਇਕੱਠੇ ਹੋਣ ਉਪਰੰਤ ਨਾਅਰੇ ਮਾਰਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਮੁੱਖ ਸਕੱਤਰ ਪੰਜਾਬ ਅਤੇ ਹੋਰ ਪੁਲੀਸ, ਮਿਲਟਰੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਿਸੇ ਜਰੂਰੀ ਮੀਟਿੰਗ ਵਿੱਚ ਰੁੱਝੇ ਹੋਣ ਕਾਰਨ ਉਨ੍ਹਾਂ ਦੇ ਸੁਪਰਡੈਂਟ ਨੇ ਧਰਨੇ ਵਿੱਚ ਆ ਕੇ ਮੰਗ-ਪੱਤਰ ਲਿਆ। ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਰਾਹੀਂ ਭੇਜੇ ਗਏ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਹੜ੍ਹਾਂ ਦੀ ਮਾਰ ਹੇਠ ਆਏ ਇਲਾਕਿਆਂ ਵਿੱਚ ਬਿਨਾਂ ਪੱਖਪਾਤ ਦੇ ਵਿਸ਼ੇਸ਼ ਗਿਰਦਾਵਰੀ ਕੀਤੀ ਜਾਵੇ ਅਤੇ ਹੜ੍ਹਾਂ ਕਾਰਨ ਹੋਈ ਮਨੁੱਖੀ ਮੌਤ ਦੇ ਵਾਰਿਸਾਂ ਨੂੰ ਪ੍ਰਤੀ ਜੀਅ 20 ਲੱਖ ਰੁਪਏ, ਨੁਕਸਾਨੀਆਂ ਫਸਲਾਂ ਦਾ ਪ੍ਰਤੀ ਏਕੜ 50 ਹਜਾਰ ਰੁਪਏ ਅਤੇ 25 ਹਜਾਰ ਰੁਪਏ ਪ੍ਰਤੀ ਪਰਿਵਾਰ ਮਜ਼ਦੂਰਾਂ ਸਮੇਤ ਹੋਰ ਤਬਕਿਆਂ ਨੂੰ ਫੌਰੀ ਰਾਹਤ ਦੇ ਤੌਰ ‘ਤੇ ਦਿੱਤੇ ਜਾਣ।
ਇਸੇ ਤਰ੍ਹਾਂ ਹੜ੍ਹਾਂ ਕਾਰਨ ਰੁੜ੍ਹ ਗਏ ਜਾਂ ਮਰ ਗਏ ਖਾਸ ਕਰਕੇ ਦੁੱਧ ਦੇਣ ਵਾਲੀ ਮੱਝ ਅਤੇ ਗਊ ਦਾ ਇੱਕ ਲੱਖ ਰੁਪਏ ਪ੍ਰਤੀ ਪਸ਼ੂ ਅਤੇ ਦੂਸਰੇ ਛੋਟੇ ਵੱਡੇ ਦਾ 20 ਹਜਾਰ ਰੁਪਏ ਤੋਂ 50 ਹਜਾਰ ਰੁਪਏ, ਮੁਰਗੀ ਪਾਲਕਾਂ, ਸੂਰ ਪਾਲਕਾਂ ਅਤੇ ਮੱਛੀ ਪਾਲਣ ਪੋਸ਼ਣ ਕਰਨ ਵਾਲਿਆਂ ਦੇ ਰੁੜ੍ਹ ਗਏ ਜਾਂ ਮਰ ਗਏ ਸੂਰਾਂ, ਮੁਰਗੀਆਂ ਅਤੇ ਮੱਛੀਆਂ ਦਾ ਫੌਰੀ ਤੌਰ ‘ਤੇ ਮੁਆਵਜ਼ਾ ਦਿੱਤਾ ਜਾਵੇ। ਫਸਲਾਂ ਦੇ ਨੁਕਸਾਨ ਲਈ ਏਕੜ ਨੂੰ ਇਕਾਈ ਮੰਨ ਕੇ ਕਾਸ਼ਤਕਾਰ ਨੂੰ ਮੁਆਵਜ਼ਾ ਦਿੱਤਾ ਜਾਵੇ, ਹੜ੍ਹਾਂ ਦੀ ਰੋਕਥਾਮ ਲਈ ਦਰਿਆਵਾਂ ,ਚੋਆਂ,ਨਹਿਰਾਂ ਅਤੇ ਸੇਮ ਨਾਲਿਆਂ ਦੇ ਬੰਨ੍ਹ ਸਫਾਈ ਸਮੇਤ ਨਹਿਰਾਂ ਦੇ ਕੰਢਿਆਂ ਸਾਂਭ ਸੰਭਾਲ ਅਤੇ ਮਜਬੂਤੀ ਲਈ ਵਿਸ਼ੇਸ਼ ਟਾਸਕ ਫੋਰਸ ਬਣਾ ਕੇ ਹਰ ਸਾਲ ਬਰਸਾਤ ਤੋਂ ਪਹਿਲਾਂ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।
ਹੜ੍ਹਾਂ ਨੂੰ ਕੰਟਰੋਲ ਕਰਨ ਲਈ ਹਰ ਖੇਤ ਨੂੰ ਨਹਿਰੀ ਪਾਣੀ ਅਤੇ ਹਰ ਘਰ ਨੂੰ ਪੀਣ ਵਾਲਾ ਸਾਫ ਨਹਿਰੀ ਪਾਣੀ ਦੇਣ ਦੀ ਨੀਤੀ ਅਪਣਾ ਕੇ ਨਹਿਰੀ ਢਾਂਚੇ ਦਾ ਵਿਸਥਾਰ ਅਤੇ ਮਜਬੂਤੀ ਕੀਤੀ ਜਾਵੇ। ਡੈਮਾਂ ਦੀ ਭੰਡਾਰਨ ਸਮਰੱਥਾ ਨੂੰ ਬਰਕਰਾਰ ਰੱਖਣ ਲਈ ਗਾਰ ਕਢਣ ਦਾ (ਡੀਸਿਲਟਿੰਗ) ਕੰਮ ਸਿਲਸਿਲੇਵਾਰ ਢੰਗ ਨਾਲ਼ ਕੀਤੇ ਜਾਣ ਦਾ ਪਰਬੰਧ ਕੀਤਾ ਜਾਵੇ। ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਹਲ ਕਰਕੇ ਹੈਡਵਰਕਸ ਕੰਟਰੋਲ ਪੰਜਾਬ ਹਵਾਲੇ ਕੀਤਾ ਜਾਵੇ। ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਸਮੇਤ ਹਰੇਕ ਸ਼ਾਹਰਾਹਾਂ ਅਤੇ ਲਿੰਕ ਸੜਕਾਂ ਵਿੱਚ ਕੁਦਰਤੀ ਸਥਾਨਾਂ ਦੀ ਨਿਸ਼ਾਨਦੇਹੀ ਕਰਕੇ ਪਾਣੀ ਦੇ ਨਿਕਾਸ ਦੇ ਢੁਕਵੇਂ ਬੰਦੋਬਸਤ ਕੀਤੇ ਜਾਣ ਅਤੇ ਪਾਣੀ ਦੀ ਡਾਫ ਲਗਣ ਵਾਲੇ ਸਥਾਨਾਂ ਤੇ ਪੁਲ ਉੱਚੇ ਕਰਕੇ ਬਣਾਏ ਜਾਣ। ਅਤੇ ਰਾਵੀ ਦਰਿਆ ਦੇ ਪਾਰ ਪਿੰਡ ਮੰਮੀ ਚਕਰੰਗਾ ਵਿਚ ਹੜ ਦੌਰਾਨ ਫੱਸੇ ਲੋਕਾਂ ਨੂੰ ਤੁਰੰਤ ਬਾਹਰ ਕਢਿਆ ਜਾਵੇ ਅਤੇ ਉਨ੍ਹਾਂ ਦੇ ਖਾਣ ਪੀਣ ਦਾ ਪਰਬੰਧ ਕੀਤਾ ਜਾਵੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਸਤਿਬੀਰ ਸਿੰਘ ਸੁਲਤਾਨੀ ,ਤਰਲੋਕ ਸਿੰਘ ਬਹਿਰਾਮਪੁਰ, ਅਨੋਖ ਸਿੰਘ ਘੋੜੇਵਾਹ, ਪਲਵਿੰਦਰ ਸਿੰਘ ਕਿਲਾ ਨੱਥੂ, ਮਨਜੀਤ ਸਿੰਘ, ਸੰਤੋਖ ਸਿੰਘ, ਸਾਗਰ ਸਿੰਘ ਭੋਲਾ, ਮੋਹਕਮ ਸਿੰਘ ਅਤੇ ਅਜੀਤ ਸਿੰਘ ਮੱਲੀਆਂ ਆਦਿ ਕਿਸਾਨ ਆਗੂ ਸ਼ਾਮਲ ਹੋਏ।










