ਸਰਕਾਰ ਤੋਂ ਕਿਸਾਨਾਂ ਅਤੇ ਮਜ਼ਦੂਰਾਂ ਲਈ ਮੁਆਵਜ਼ੇ ਦੀ ਮੰਗ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 26 ਅਗਸਤ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜੋਨ ਬਾਬਾ ਮਸਤੂ ਜੀ ਦੀ ਮੀਟਿੰਗ ਦੌਰਾਨ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਰਸਾਤ ਕਾਰਨ ਹੋਏ ਨੁਕਸਾਨ ‘ਤੇ , ਚਿੰਤਾ ਜ਼ਾਹਿਰ ਕੀਤੀ ਗਈ। ਇਸ ਮੌਕੇ ਭਾਰੀ ਬਰਸਾਤ ਕਰਕੇ ਜੋ ਨੁਕਸਾਨ ਹੋਇਆ ਹੈ ਉਸ ਬਾਰੇ ਵਿਚਾਰਾਂ ਕੀਤੀਆਂ ਗਈਆਂ।
ਆਗੂਆਂ ਕਿਹਾ ਕਿ ਬਰਸਾਤ ਨਾਲ ਆਏ ਹੜ੍ਹਾਂ ਕਰਕੇ ਮਾਰੀਆਂ ਗਈਆਂ ਫਸਲਾਂ ਦੇ ਨਾਲ, ਮਾਲ ਡੰਗਰ ਅਤੇ ਘਰਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਜਿਸ ਕਰਕੇ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਭਵਿੱਖ ਬਹੁਤ ਵੱਡੇ ਖ਼ਤਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜੋ ਹੁਣ ਤੱਕ ਵੱਡੇ ਵੱਡੇ ਦੱਮਗਜੇ ਮਾਰਦੀ ਰਹੀ ਹੈ ਉਸਨੂੰ ਹੁਣ ਚਾਹੀਦਾ ਹੈ ਕਿ ਕਿਸਾਨਾਂ ਅਤੇ ਮਜ਼ਦੂਰਾਂ ਦਾ ਬਣਦਾ ਮੁਆਵਜਾ ਦੇਵੇ। ਉਨ੍ਹਾਂ ਕਿਹਾ ਕਿ ਫ਼ਸਲਾਂ ਦੀ ਗਿਰਦਾਵਰੀ ਮੌਕੇ ‘ਤੇ ਕਰਵਾ ਕੇ 70 ਹਜ਼ਾਰ ਰੁਪਏ ਪ੍ਰਤੀ ਕਿੱਲਾ ਅਤੇ ਇਸੇ ਤਰ੍ਹਾਂ ਮਜ਼ਦੂਰਾਂ ਨੂੰ 10 ਫੀਸਦੀ ਮੁਆਵਜ਼ਾ ਦਿੱਤਾ ਜਾਵੇ। ਪਸ਼ੂਆਂ ਦਾ 100000 ਰੁਪਏ ਮੱਝ ਅਤੇ ਏਸੇ ਤਰ੍ਹਾਂ ਹੋਰ ਪਸ਼ੂਆਂ ਦਾ ਬਣਦਾ ਮੁਆਵਜ਼ਾ ਸਰਕਾਰ ਛੇਤੀ ਤੋਂ ਛੇਤੀ ਦੇਵੇ। ਉਨ੍ਹਾਂ ਕਿਹਾ ਕਿ ਘਰਾਂ ਦਾ ਜੋ ਨੁਕਸਾਨ ਹੋਇਆ ਹੈ ਉਹੋ ਵੀ ਪੂਰਾ ਕਰੇ।

ਇਸ ਮੌਕੇ ਕਾਰਜਕਾਰੀ ਜੋਨ ਪ੍ਰਧਾਨ ਸੋਹਣ ਸਿੰਘ, ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ,ਸੀਨੀਅਰ ਮੀਤ ਪ੍ਰਧਾਨ ਜਤਿੰਦਰ ਸਿੰਘ, ਸਕੱਤਰ ਕੁਲਜੀਤ ਸਿੰਘ,ਅਮਰੀਕ ਸਿੰਘ, ਵੱਸਣ ਸਿੰਘ,ਉਂਕਾਰ ਸਿੰਘ, ਗੁਰਪ੍ਰੀਤ ਸਿੰਘ, ਗੁਰਮੇਲ ਸਿੰਘ,ਬੀਬੀਆਂ ਜਿਲ੍ਹਾ ਆਗੂ ਬੀਬੀ ਰਮਨ ਜੀਤ ਕੌਰ, ਕੁਲਵੰਤ ਕੌਰ ਆਦਿ ਹਾਜ਼ਰ ਸਨ।










