Share & like

ਬਲਾਕ ਦੋਰਾਂਗਲਾ ਦੇ ਦਰਜਨਾਂ ਪਿੰਡ ਪਾਣੀ ਵਿੱਚ ਘਿਰੇ, ਪੁਲੀਸ ਤੇ ਪ੍ਰਸ਼ਾਸਨ ਰਾਹਤ ਕਾਰਜਾਂ ‘ਚ ਜੁੱਟਿਆ

ਸਰਹੱਦੀ ਪਿੰਡਾਂ ਦੇ ਸਕੂਲਾਂ ‘ਚ ਪਾਣੀ ਭਰਿਆ, ਪੰਜਾਬ ਸਰਕਾਰ ਵੱਲੋਂ 27 ਤੋਂ 30 ਅਗਸਤ ਤੱਕ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਬੰਦ

ਬਲੱਡ ਡੋਨਰ ਸੋਸਾਇਟੀ ਗੁਰਦਾਸਪੁਰ ਨੇ ਪਹੁੰਚਾਈ ਰਾਹਤ ਸਮੱਗਰੀ

ਦਵਿੰਦਰਜੀਤ ਸਿੰਘ/ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ

ਬਹਿਰਾਮਪੁਰ/ਗੁਰਦਾਸਪੁਰ, 26 ਅਗਸਤ
24 ਘੰਟੇ ਤੋਂ ਵੱਧ ਸਮੇਂ ਤੋਂ ਲਗਾਤਾਰ ਪੈ ਰਹੀ ਬਰਸਾਤ ਦੇ ਕਾਰਨ ਜ਼ਿਲ੍ਹਾ ਗੁਰਦਾਸਪੁਰ ਦਾ ਸਰਹੱਦੀ ਖੇਤਰ ਹੜ੍ਹਾਂ ਦੀ ਮਾਰ ਹੇਠ ਆ ਗਿਆ ਹੈ। ਬਲਾਕ ਦੋਰਾਂਗਲਾ ਦੇ ਦਰਜ਼ਨਾਂ ਪਿੰਡ ਪਾਣੀ ਵਿੱਚ ਘਿਰ ਗਏ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਪ੍ਰਸ਼ਾਸਨ ਰਾਹਤ ਕਾਰਜਾਂ ‘ਚ ਜੁੱਟਿਆ ਹੈ। ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਵੀ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ। ਜ਼ਿਲ੍ਹਾ ਬਲੱਡ ਡੋਨਰਜ ਸੁਸਾਇਟੀ ਦੇ ਮੈਂਬਰਾਂ ਵੱਲੋਂ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਕੇ ਰਾਹਤ ਸਮੱਗਰੀ ਦਿੱਤੀ ਗਈ।

ਜ਼ਿਕਰਯੋਗ ਹੈ ਕਿ ਬਲਾਕ ਦੋਰਾਂਗਲਾ ਦੇ ਮਕੋੜਾ ਪੱਤਣ ‘ਤੇ ਰਾਵੀ ਦਰਿਆ ਪਾਰ ਸੱਤ ਪਿੰਡ ਪੈਂਦੇ ਹਨ ਜਿਹੜੇ ਕਿ ਪਾਣੀ ਵਿੱਚ ਪਿਛਲੇ ਤਿੰਨ ਚਾਰ ਦਿਨ ਤੋਂ ਪਹਿਲਾਂ ਹੀ ਘਿਰ ਚੁੱਕੇ ਹਨ। ਰਾਵੀ ਦਰਿਆ ਪਾਰਲੇ ਇਨ੍ਹਾਂ ਪਿੰਡਾਂ ਨੂੰ ਜੰਮੂ ਕਸ਼ਮੀਰ ਵਾਲੇ ਪਾਸਿਓਂ ਆਉਂਦਾ ਉਝ ਦਰਿਆ ਵੀ ਕਾਫ਼ੀ ਮਾਰ ਕਰ ਰਿਹਾ ਹੈ। ਤਾਜ਼ਾ ਹਾਲਾਤ ਅਨੁਸਾਰ ਉਝ ਦਰਿਆ ਵਿੱਚ ਲਗਾਤਾਰ ਵੱਧ ਰਹੇ ਪਾਣੀ ਨੇ ਦਰਿਆ ਤੋਂ ਦੋ ਕਿਲੋਮੀਟਰ ਪਿੱਛੇ ਪੈਂਦੇ ਪਿੰਡ ਮਕੌੜਾ ਤੱਕ ਮਾਰ ਕੀਤੀ ਹੈ।

ਪਿੰਡ ਮਕੋੜਾ ਵੀ ਪਾਣੀ ਵਿੱਚ ਬੁਰੀ ਤਰ੍ਹਾਂ ਘਿਰ ਗਿਆ ਹੈ। ਬੀਤੀ ਰਾਤ ਕਾਹਨਾ ਜੈਨਪੁਰ ਨੇੜੇ ਧੁੱਸੀ ਬੰਨ ਟੁੱਟਣ ਕਾਰਨ ਕਾਫ਼ੀ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ। ਤਾਜਾ ਹਾਲਾਤ ਨੇ ਇਲਾਕੇ ਅੰਦਰ 1988 ਦੇ ਹੜ੍ਹਾਂ ਦੀ ਯਾਦ ਤਾਜ਼ਾ ਕਰ ਦਿੱਤੀ ਹੈ ਜਦੋਂ ਲੋਕਾਂ ਨੇ ਘਰਾਂ ਦੀਆਂ ਛੱਤਾਂ ਉੱਤੇ ਰਹਿ ਕੇ ਸਮਾਂ ਟਪਾਇਆ ਸੀ। ਉਸ ਸਮੇਂ ਕਈ ਪਿੰਡ ਬੇਚਿਰਾਗ ਹੋ ਗਏ ਸਨ। ਹੁਣ ਥੋੜੀ ਦੇਰ ਪਹਿਲਾਂ ਹੀ ਸੂਚਨਾ ਮਿਲੀ ਹੈ ਕਿ ਪਿੰਡ ਓਗਰਾ ਤੋਂ ਵੀ ਧੁੱਸੀ ਬੰਨ ਟੁੱਟ ਗਿਆ ਹੈ ਜਿਸ ਨਾਲ ਪਾਣੀ ਦਾ ਕਾਫੀ ਤੇਜ਼ ਵਹਾਅ ਪਿੰਡਾਂ ਵੱਲ ਵੱਧ ਰਿਹਾ ਹੈ। ਜਿਸ ਕਾਰਨ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ l

ਬਲੱਡ ਡੋਨਰ ਸੁਸਾਇਟੀ ਗੁਰਦਾਸਪੁਰ ਦੇ ਸੰਸਥਾਪਕ ਰਜੇਸ਼ ਬੱਬੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਐਸਡੀਐਮ ਦੀਨਾਨਗਰ ਵੱਲੋਂ ਰਾਹਤ ਸਮੱਗਰੀ ਪਹੁੰਚਾਉਣ ਲਈ ਕਿਹਾ ਗਿਆ ਸੀ। ਜਦੋਂ ਸੁਸਾਇਟੀ ਦੇ ਮੈਂਬਰ ਅੱਜ ਰਾਹਤ ਸਮੱਗਰੀ ਲੈ ਕੇ ਪਿੰਡ ਬਾਹਮਣੀ ਦੇ ਕੋਲ ਪਹੁੰਚੇ ਤਾਂ ਬਾਹਮਣੀ ਪਿੰਡ ਵਿੱਚ ਲੰਘਦੇ ਨੌਮਣੀ ਨਾਲੇ ਵਿੱਚ ਪਾਣੀ ਦਾ ਵਹਾਅ ਬਹੁਤ ਤੇਜ਼ ਹੋਣ ਕਰਕੇ ਉਨ੍ਹਾਂ ਦੀ ਗੱਡੀ ਨੂੰ ਸੁਰੱਖਿਆ ਕਾਰਨਾਂ ਕਰਕੇ ਅੱਗੇ ਨਹੀਂ ਜਾਣ ਦਿੱਤਾ ਗਿਆ ਅਤੇ ਰਾਹਤ ਸਮੱਗਰੀ ਐਸਡੀਐਮ ਦਫ਼ਤਰ ਵੱਲੋਂ ਭੇਜੀ ਟਰਾਲੀ ਵਿੱਚ ਸ਼ਿਫਟ ਕਰਵਾ ਦਿੱਤਾ ਗਈ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ 100 ਪੇਟੀ ਪਾਣੀ 50 ਪੇਟੀ ਰਸ ਅਤੇ 30 ਪੇਟੀ ਬਿਸਕੁਟ ਪਹੁੰਚਾਏ ਗਈ ਹਨ।

ਇਸ ਮੌਕੇ ਆਮ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਰਾਹਤ ਕੈਂਪ ਪਿੰਡ ਝਬਕਰਾ ਦੀ ਥਾਂ ਪਿੰਡ ਬਾਹਮਣੀ ਵਿਖੇ ਸੂਰਜ ਪੈਲਸ ਜਾਂ ਦਰਸ਼ਨ ਪੈਲਸ ਵਿੱਚ ਬਣਾਇਆ ਜਾਂਦਾ ਤਾਂ ਬਹੁਤ ਵਧੀਆ ਸੀ, ਕਿਉਂਕਿ ਵੱਖ-ਵੱਖ ਐਨਜੀਓ ਨੂੰ ਵੀ ਉੱਥੇ ਰਾਹਤ ਸਮੱਗਰੀ ਪਹੁੰਚਾਉਣਾ ਸੌਖਾ ਸੀ। ਦੱਸਣਯੋਗ ਹੈ ਕਿ ਝਬਕਰਾ ਵਿਖੇ ਦੋ ਰਾਹਤ ਕੈਂਪ ਬਣਾਏ ਗਏ ਸਨ ਜਿਹਨਾਂ ਵਿੱਚੋਂ ਇੱਕ ਕੈਂਪ ਵਿੱਚ ਪਾਣੀ ਭਰ ਜਾਣ ਕਰਕੇ ਉਸ ਕੈਂਪ ਨੂੰ ਉਠਾ ਦਿੱਤਾ ਗਿਆ ਅਤੇ ਉਸ ਕੈਂਪ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਬਕਰਾ ਵਿੱਚ ਸ਼ਿਫਟ ਕਰ ਦਿੱਤਾ ਗਿਆ। ਹੁਣ ਖਦਸ਼ਾ ਇਸ ਪ੍ਰਗਟਾਇਆ ਜਾ ਰਿਹਾ ਹੈ ਕਿ ਅਗਰ ਹੋਰ ਜਿਆਦਾ ਮੀਹ ਪਿਆ ਤਾਂ ਇਸ ਕੈਂਪ ਵਿੱਚ ਵੀ ਪਾਣੀ ਆਉਣ ‘ਤੇ ਹਾਲਾਤ ਹੋਰ ਬੁਰੇ ਹੋ ਸਕਦੇ ਹਨ।

ਜਾਣਕਾਰੀ ਦੇ ਅਨੁਸਾਰ ਬਲਾਕ ਦੋਰਾਂਗਲਾ ਦੇ ਸੈਂਟਰ ਮਰਾੜਾ ਸਕੂਲ, ਮਕੌੜਾ, ਦਬੁਰਜੀ, ਮਰਾੜਾ ਮੁੰਡੇ ਅਤੇ ਮਰਾੜਾ ਕੁੜੀਆਂ, ਜੱਗੋਚਕ ਟਾਂਡਾ, ਝੱਬਕਰਾ ਸੈਂਟਰ ਕਾਹਨਾ ਦੇ ਸਕੂਲ ਤੂਰਬਾਣੀ, ਭਰਿਆਲ,ਕਾਹਨਾ, ਓਗਰਾ, ਜੈਨਪੁਰ, ਠੱਠੀ, ਫਰੀਦਪੁਰ , ਸ੍ਰੀ ਰਾਮਪੁਰ, ਠਾਕੁਰਪੁਰ, ਸੈਂਟਰ ਨੌਸ਼ਹਿਰਾ ਦੇ ਚਿੱਟੀ ਹਸਨਪੁਰ, ਮਿਆਣੀ ਮਲਾਹ, ਨੌਸ਼ਿਹਰਾ ਮਲੂਕ ਚਕ, ਸੰਘੋਰ ਇਸਲਾਮਪੁਰ, ਚੌਂਤਰਾ, ਸਲਾਚ, ਵਜੀਰਪੁਰ, ਸ਼ਾਹਪੁਰ ਅਫਗਾਨਾ, ਦੋਰਾਂਗਲਾ, ਥੰਮਣ, ਡੁੱਗਰੀ ਆਦਿ ਹੋਰ ਸਕੂਲ਼ਾਂ ਵਿੱਚ ਪਾਣੀ ਭਰ ਚੁੱਕਾ ਹੈ। ਤੇਜ ਬਾਰਿਸ਼ ਅਤੇ ਵੱਖ-ਵੱਖ ਡੈਮਾਂ ਤੋਂ ਪਾਣੀ ਛੱਡੇ ਜਾਣ ਬਾਅਦ ਬਣੇ ਬਦਤ ਹਾਲਾਤਾਂ ਨੂੰ ਵੇਖਦੇ ਆਂ ਪੰਜਾਬ ਸਰਕਾਰ ਵੱਲੋਂ 27 ਤੇ ਲੈ ਕੇ 30 ਅਗਸਤ ਤੱਕ ਪੰਜਾਬ ਦੇ ਸਮੁੱਚੇ ਸਕੂਲ ਰੱਖਣ ਦਾ ਫੈਸਲਾ ਲਿਆ ਗਿਆ ਹੈ।


Share & like

Leave a Reply