ਕਿਸਾਨ ਆਗੂਆਂ ਨੇ ਸਰਹੱਦੀ ਪਿੰਡਾਂ ਦੇ ਹਾਲਾਤ ਤੋਂ ਜਾਣੂ ਕਰਵਾਇਆ ਅਤੇ ਮਕੌੜਾ ਪੱਤਣ ‘ਤੇ ਆਧੁਨਿਕ ਬੇੜੀ ਪਾਉਣ ਦੀ ਕੀਤੀ ਮੰਗ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 25 ਅਗਸਤ
ਹੜ੍ਹਾਂ ਅਤੇ ਕਿਸਾਨੀ ਮਸਲਿਆਂ ਦੇ ਸੰਬੰਧ ਵਿੱਚ ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਯੂਨੀਅਨ ਦੇ ਸੂਬਾਈ ਆਗੂ ਸਤਬੀਰ ਸਿੰਘ ਸੁਲਤਾਨੀ ਅਤੇ ਤਰਲੋਕ ਸਿੰਘ ਬਹਿਰਾਮਪੁਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਮੌਜੂਦ ਨਾ ਹੋਣ ਕਾਰਨ ਐਸ.ਡੀ.ਐਮ ਗੁਰਦਾਸਪੁਰ ਨੂੰ ਮਿਲਿਆ ਅਤੇ ਪੰਜਾਬ ਸਰਕਾਰ ਦੇ ਨਾਂਅ ਮੰਗ- ਪੱਤਰ ਦਿੱਤਾ।
ਇਸ ਮੌਕੇ ਕਿਸਾਨ ਆਗੂਆਂ ਨੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮਕੌੜਾ ਪੱਤਣ ‘ਤੇ ਰਾਵੀ ਦਰਿਆ ਦੇ ਪਾਰ ਸਰਹੱਦੀ ਪਿੰਡਾਂ ਦਾ ਰਾਵੀ ਅਤੇ ਉਝ ਦਰਿਆਵਾਂ ਵਿੱਚ ਆਏ ਹੜ੍ਹਾਂ ਕਾਰਨ ਪੰਜਾਬ ਨਾਲੋਂ ਬਿਲਕੁਲ ਸੰਪਰਕ ਟੁੱਟ ਗਿਆ ਹੈ। ਲੋਕਾਂ ਦੇ ਆਉਣ-ਜਾਣ ਲਈ ਹੜ੍ਹਾਂ ਕਾਰਨ ਦਰਿਆ ਵਿੱਚ ਕਿਸ਼ਤੀ /ਬੇੜੀ ਵੀ ਨਹੀਂ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਵੀ ਦਰਿਆ ਦੇ ਪਾਰ ਸਰਹੱਦੀ ਪਿੰਡਾਂ ਨੂੰ ਜਾਂਦੀ ਇੱਕੋ ਇੱਕ ਸੜਕ ਵੀ ਲਗਭਗ 400 ਫੁੱਟ ਉਝ ਅਤੇ ਰਾਵੀ ਦਰਿਆ ਨੇ ਢਾਹ ਲਾ ਕੇ ਦਰਿਆ ਵਿੱਚ ਸੁੱਟ ਲਈ ਹੈ। ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਾਵੀ ਅਤੇ ਬਿਆਸ ਦਰਿਆਵਾਂ ਵਿੱਚ ਆਏ ਹੜ੍ਹਾਂ ਕਾਰਨ ਕਈ ਪਿੰਡਾਂ ਵਿੱਚ ਚਾਰੇ ਦੀ ਫ਼ਸਲ ਬਰਬਾਦ ਹੋ ਗਈ ਹੈ।

ਗਏਕਿਸਾਨ ਆਗੂਆਂ ਵਲੋਂ ਜ਼ਿਲ੍ਹਾ ਪ੍ਰਸਾਸ਼ਨ ਰਾਹੀਂ ਪੰਜਾਬ ਸਰਕਾਰ ਦੇ ਨਾਂਅ ਦਿੱਤੇ ਗਏ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਰਾਵੀ ਦਰਿਆ ਦੇ ਪਾਰ ਸਰਹੱਦੀ ਪਿੰਡਾਂ ਲਈ ਕਿਸੇ ਗੰਭੀਰ ਅਤੇ ਐਮਰਜੈਂਸੀ ਦੀ ਹਾਲਤ ਵਿੱਚ ਆਧੁਨਿਕ ਕਿਸ਼ਤੀ/ਬੇੜੀ ਦਾ ਤੁਰੰਤ ਪਰਬੰਧ ਕੀਤਾ ਜਾਵੇ, ਰਾਵੀ ਦਰਿਆ ਦੇ ਪਾਰ ਹੜਾਂ ਕਰਕੇ ਨੁਕਸਾਨੀ ਗਈ ਸੜਕ ਪਾਣੀ ਘਟ ਹੋਣ ਤੇ ਤੁਰੰਤ ਬਣਾਈ ਜਾਵੇ, ਰਾਵੀ ਅਤੇ ਬਿਆਸ ਦਰਿਆਵਾਂ ਦੇ ਕਮਜ਼ੋਰ ਧੁਸੀ ਬੰਨ੍ਹਾ ਨੂੰ ਪੱਥਰ ਲਾ ਕੇ ਮਜਬੂਤ ਕੀਤਾ ਜਾਵੇ ਅਤੇ ਢਾਹ ਲਾ ਕੇ ਬਰਬਾਦ ਹੋ ਰਹੀ ਜ਼ਮੀਨ ਦੇ ਬਚਾਅ ਅਤੇ ਰੋਕਥਾਮ ਲਈ ਮਜ਼ਬੂਤ ਸਪਰ ਬਣਾਏ ਜਾਣ, ਹੜ੍ਹਾਂ ਕਾਰਨ ਬਰਬਾਦ ਹੋਈਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ, ਨਿੱਜੀ ਅਤੇ ਸਹਿਕਾਰੀ ਖੰਡ ਮਿੱਲਾਂ ਵਲ ਗੰਨਾ ਉਤਪਾਦਕਾਂ ਦਾ ਰਹਿੰਦਾ ਬਕਾਇਆ ਰਾਸ਼ੀ ਤੁਰੰਤ ਜਾਰੀ ਕੀਤਾ ਜਾਵੇ ਅਤੇ ਭਾਰਤ-ਅਮਰੀਕਾ ਵਿੱਚ ਹੋਣ ਜਾ ਰਹੇ ਵਪਾਰ ਸਮਝੌਤੇ ਵਿੱਚੋਂ ਖੇਤੀ ਖੇਤਰ, ਪੋਲਟਰੀਅਤੇ ਡੇਅਰੀ ਫਾਰਮਿੰਗ ਦਾ ਕਾਰੋਬਾਰ ਆਦਿ ਨੂੰ ਬਾਹਰ ਰਖਿਆ ਜਾਵੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਅਨੋਖ ਸਿੰਘ ਘੋੜੇਵਾਹ, ਹਰਜਿੰਦਰ ਸਿੰਘ ਘੋੜੇਵਾਹ, ਪਲਵਿੰਦਰ ਸਿੰਘ ਕਿਲਾ ਨੱਥੂ, ਦਲਜੀਤ ਸਿੰਘ ਤਲਵੰਡੀ, ਚੰਨਣ ਸਿੰਘ ਦੋਰਾਂਗਲਾ, ਅਜੀਤ ਸਿੰਘ ਮੱਲੀਆਂ, ਮਾਸਟਰ ਤਰਸੇਮ ਸਿੰਘ ਸੁਲਤਾਨੀ ਮੋਹਨ ਸਿੰਘ ਬਹਿਰਾਮਪੁਰ ਅਤੇ ਮੁਖਤਿਆਰ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।










