Share & like

ਨਵਾਂਸ਼ਹਿਰ ਗ੍ਰਨੇਡ ਹਮਲੇ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮਾਂ ਦੀ ਸੂਚਨਾ ‘ਤੇ ਸੰਭਵ ਹੋਈ ਹੋਰ ਸਾਥੀਆਂ ਦੀ ਗ੍ਰਿਫ਼ਤਾਰੀ

ਮੁਲਜ਼ਮ ਕੈਨੇਡਾ-ਅਧਾਰਤ ਬੀ.ਕੇ.ਆਈ. ਮਾਸਟਰਮਾਈਂਡ ਜ਼ੀਸ਼ਾਨ ਅਖ਼ਤਰ ਅਤੇ ਅਜੇ ਗਿੱਲ ਦੇ ਇਸ਼ਾਰੇ ’ਤੇ ਕਰਦੇ ਸਨ ਕੰਮ: ਡੀਜੀਪੀ ਗੌਰਵ ਯਾਦਵ

ਰੋਜ਼ਾਨਾ ਖ਼ਬਰ
ਚੰਡੀਗੜ੍ਹ, 19 ਅਗਸਤ
ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨ ਤੋਂ ਕੁਝ ਦਿਨ ਮਗਰੋਂ ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਇਸੇ ਮਾਡਿਊਲ ਦੇ ਦੋ ਹੋਰ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ 86ਪੀ ਹੈਂਡਗ੍ਰਨੇਡ ਬਰਾਮਦ ਕੀਤਾ ਹੈ।

ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲੀਸ ਪੰਜਾਬ ਗੌਰਵ ਯਾਦਵ ਨੇ ਸਾਂਝੀ ਕੀਤੀ ਹੈ।
ਗ੍ਰਿਫ਼ਤਾਰ ਦੀ ਪਛਾਣ ਸ਼ੰਕਰ ਨਕੋਦਰ ਵਾਸੀ ਵਿਸ਼ਵਜੀਤ ਅਤੇ ਜੈਕਸਨ ਵੱਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਨੇ ਨਵਾਂਸ਼ਹਿਰ ਗ੍ਰਨੇਡ ਹਮਲੇ ਵਿੱਚ ਸ਼ਾਮਲ ਬੀਕੇਆਈ ਮਾਡਿਊਲ ਦੇ ਪੰਜ ਕਾਰਕੁੰਨਾ ਜਿਨ੍ਹਾਂ ਵਿੱਚ ਰਿਤਿਕ ਨਰੋਲੀਆ ਅਤੇ ਸੋਨੂੰ ਕੁਮਾਰ ਉਰਫ਼ ਕਾਲੀ ਸ਼ਾਮਲ ਹਨ ਸਮੇਤ ਤਿੰਨ ਨਾਬਾਲਗ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ 86ਪੀ ਹੈਂਡ-ਗ੍ਰਨੇਡ ਅਤੇ ਇੱਕ .30 ਬੋਰ ਪਿਸਤੌਲ ਬਰਾਮਦ ਕੀਤਾ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਾਂਚ ਉਪਰੰਤ ਸੀਆਈ ਜਲੰਧਰ ਨੇ ਕੁਝ ਦਿਨ ਪਹਿਲਾਂ ਰਾਜਸਥਾਨ ਤੋਂ ਦੋ ਬੀਕੇਆਈ ਕਾਰਕੁੰਨਾਂ ਰਿਤਿਕ ਨਰੋਲੀਆ ਅਤੇ ਇੱਕ ਨਾਬਾਲਗ ਦੋਸ਼ੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਇੱਕ 86ਪੀ ਹੈਂਡ-ਗ੍ਰਨੇਡ ਬਰਾਮਦ ਕੀਤਾ ਸੀ। ਮੁਲਜ਼ਮਾਂ ਦੇ ਖੁਲਾਸੇ ਤੋਂ ਬਾਅਦ ਉਨ੍ਹਾਂ ਦੇ ਸਹਿਯੋਗੀ ਵਿਸ਼ਵਜੀਤ ਜੋ ਮਲੇਸ਼ੀਆ ਭੱਜਣ ਦੀ ਫਿਰਾਕ ਵਿੱਚ ਸੀ ਨੂੰ ਕੋਲਕਾਤਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਜਦਕਿ ਉਸਦੇ ਸਾਥੀ ਜੈਕਸਨ ਨੂੰ ਨਕੋਦਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਜੀਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਕੈਨੇਡਾ ਸਥਿਤ ਬੀਕੇਆਈ ਮਾਸਟਰਮਾਈਂਡ ਜ਼ੀਸ਼ਾਨ ਅਖਤਰ ਅਤੇ ਅਜੇ ਗਿੱਲ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ।

ਏਆਈਜੀ ਸੀਆਈ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਮੁਲਜ਼ਮ ਵਿਸ਼ਵਜੀਤ ਅਤੇ ਜੈਕਸਨ ਨੇ ਇਸ ਸਾਲ ਜੁਲਾਈ ਦੇ ਆਖਰੀ ਹਫ਼ਤੇ ਆਪਣੇ ਸਾਥੀਆਂ ਰਾਹੀਂ ਬਿਆਸ ਤੋਂ ਦੋ ਹੈਂਡ ਗ੍ਰਨੇਡ ਪ੍ਰਾਪਤ ਕੀਤੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਇੱਕ ਗ੍ਰਨੇਡ 10 ਦਿਨ ਪਹਿਲਾਂ ਐਸਬੀਐਸ ਨਗਰ ਵਿੱਚ ਇੱਕ ਸ਼ਰਾਬ ਦੇ ਠੇਕੇ ਵਿੱਚ ਇਸ ਮਾਡਿਊਲ ਦੇ ਹੋਰ ਮੈਂਬਰਾਂ ਵੱਲੋਂ ਧਮਾਕਾ ਕਰਨ ਲਈ ਵਰਤਿਆ ਗਿਆ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਧਾਰਾਵਾਂ ਤਹਿਤ ਥਾਣਾ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ (ਐਸਐਸਓਸੀ)ਅੰਮ੍ਰਿਤਸਰ ਵਿਖੇ ਕੇਸ ਦਰਜ਼ ਕੀਤਾ ਗਿਆ ਹੈ।




Share & like

Leave a Reply