Share & like

ਡਿਪਟੀ ਕਮਿਸ਼ਨਰ ਦਫ਼ਤਰ ਦਾ ਕੀਤਾ ਮਜ਼ਦੂਰਾਂ ਘਿਰਾਓ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ

ਗੁਰਦਾਸਪੁਰ, 5 ਅਗਸਤ
ਨਹਿਰਾਂ ਆਦਿ ਦਾ ਕੰਮ ਮਗਨਰੇਗਾ ‘ਚੋਂ ਬਾਹਰ ਕੱਢਣ ਖਿਲਾਫ਼ ਵੱਡੀ ਗਿਣਤੀ ‘ਚ ਕਾਮਿਆਂ ਵੱਲੋਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਅਗਵਾਈ ਹੇਠ ਪੁਰਾਣਾ ਬੱਸ ਅੱਡਾ ਵਿਖੇ ਇਕੱਠੇ ਹੋਣ ਉਪਰੰਤ ਸ਼ਹਿਰ ‘ਚ ਰੋਹ ਭਰਪੂਰ ਰੋਸ ਮਾਰਚ ਕਰਕੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ।

ਮਗਨਰੇਗਾ ਕਾਮਿਆਂ ਦੇ ਰੋਹ ਨੂੰ ਵੇਖਦਿਆਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਡਿਪਟੀ ਕਮਿਸ਼ਨਰ ਨਾਲ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਕਰਵਾਈ ਗਈ। ਆਗੂਆਂ ਨੂੰ 31 ਅਗਸਤ ਤੱਕ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਮਿਲਿਆ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਜ਼ਿਲ੍ਹਾ ਜਥੇਬੰਦਕ ਆਗੂ ਮਾਨਾ ਮਸੀਹ, ਰਛਪਾਲ ਚੰਦ, ਬੂਟਾ ਰਾਮ, ਬਲਬੀਰ ਮਸੀਹ, ਮਨੀਰ ਮਸੀਹ ਅਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਸਕੱਤਰ ਗੁਰਵਿੰਦਰ ਸਿੰਘ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਜਿੰਮੇਵਾਰੀ ਬਿਮਲ ਕੌਰ ਨੇ ਨਿਭਾਈ।

ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਪਾਸੇ ਭਾਰਤੀ ਹਕੂਮਤ ‘ਤੀਜਾ ਵੱਡਾ ਅਰਥਚਾਰਾ’ ਬਣਨ ਦੇ ਦਮਗਜ਼ੇ ਮਾਰ ਰਹੀ ਹੈ, ਦੂਜੇ ਪਾਸੇ ਮਿਹਨਤਕਸ਼ ਲੋਕਾਈ ਨੂੰ ਪੱਕਾ ਰੁਜ਼ਗਾਰ ਤਾਂ ਕੀ ਦੇਣਾ ਸੀ ਸਗੋਂ ਉਲਟਾ ਮਗਨਰੇਗਾ ਐਕਟ ਤਹਿਤ 100 ਦਿਨ ਦੇ ਮਿਲੇ ਅਧਿਕਾਰ ਨੂੰ ਵੀ ਖੋਹਣ ਦੇ ਹੱਥਕੰਡੇ ਵਰਤ ਰਹੀ ਹੈ। ਜਿਸ ਦਾ ਹੀ ਸਿੱਟਾ ਹੈ ਕਿ ਮਗਨਰੇਗਾ ‘ਚੋਂ ਨਹਿਰਾਂ, ਕੱਸੀਆਂ, ਖਾਲਾਂ, ਡਰੇਨਾਂ ਆਦਿ ਕੰਮ ਬਾਹਰ ਕੱਢ ਦਿੱਤਾ ਗਿਆ ਹੈ। ਜਿੱਥੇ ਭਾਰਤੀ ਹਕੂਮਤ ਅਤੇ ਵੱਖ-ਵੱਖ ਸੂਬੇ ਦੀਆਂ ਸਰਕਾਰਾਂ ਮਜ਼ਦੂਰਾਂ ਨੂੰ ਹਾਸ਼ੀਏ ‘ਤੇ ਧੱਕ ਰਹੀ ਹੈ ਉਸ ਦੇ ਨਾਲ ਹੀ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਲਈ ਕਿਸਾਨਾਂ ਤੋਂ ਲੈਂਡ ਪੂਲਿੰਗ ਐਕਟ ਤਹਿਤ ਜਮੀਨਾਂ ਖੋਹਣ, ਆਦਿ ਵਾਸੀਆਂ ਤੋਂ ਜਲ-ਜੰਗਲ-ਜਮੀਨ ਖੋਹਣ ਲਈ ਕਤਲੇਆਮ ਰਚਾਉਣ, ਜਲ-ਜੰਗਲ-ਜਮੀਨ ਦੀ ਰਾਖੀ ਲਈ ਲੜ ਰਹੇ ਮਾਓਵਾਦੀਆਂ ਦੇ ਝੂਠੇ ਪੁਲੀਸ ਮੁਕਾਬਲੇ ਬਣਾਏ ਜਾ ਰਹੇ।

ਆਗੂਆਂ ਨੇ ਕਿਹਾ ਕਿ ਕੰਮ ਦਾ ਅਧਿਕਾਰ ਤਾਂ ਕੀ ਜਿਉਣ ਦਾ ਅਧਿਕਾਰ ਵੀ ਖੋਹਿਆ ਜਾ ਰਿਹਾ ਹੈ। ਇਸ ਉਪਰੰਤ ਡੀ.ਸੀ. ਨੂੰ ਦਿੱਤੇ ਮੰਗ ਪੱਤਰ ਵਿੱਚ ਮਗਨਰੇਗਾ ‘ਚ ਨਹਿਰਾਂ ਆਦਿ ਦਾ ਕੰਮ ਬਹਾਲ ਕਰਵਾਉਣ, ਕਾਮਿਆਂ ਦਾ ਰਹਿੰਦਾ ਬਕਾਇਆ ਫੌਰੀ ਜਾਰੀ ਕਰਵਾਉਣ, ਕਾਮਿਆਂ ਦੇ ਜਾਬ ਕਾਰਡ ਬਣਾਉਣ, ਪਿੰਡਾਂ ‘ਚ ਹੁੰਦੀ ਵਿਤਕਰੇਬਾਜ਼ੀ, ਛਪੜਾਂ ਆਦਿ ਦੇ ਕੰਮਾਂ ‘ਚ ਹੁੰਦੀ ਵੱਡੇ ਪੱਧਰ ‘ਤੇ ਕਥਿਤ ਭ੍ਰਿਸ਼ਟਾਚਾਰ ਕਰਨ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਕਰਵਾਉਣ, ਕੰਮ ‘ਚ ਪਾਰਦਰਸ਼ਤਾ ਲਿਆਉਣ, ਮਗਨਰੇਗਾ ਦਾ ਕੰਮ ਮੰਗਣ ਤੇ ਕੰਮ ਨਾ ਮਿਲਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਭੱਤਾ ਅਮਲੀ ਰੂਪ ‘ਚ ਮਿਲਣਾ ਯਕੀਨੀ ਬਣਾਉਣ, ਮਗਨਰੇਗਾ ਤਹਿਤ ਦਿਹਾੜੀ ਮਹਿੰਗਾਈ ਅਨੁਸਾਰ ਘੱਟੋ-ਘੱਟ 700 ਰੁਪਏ ਕਰਵਾਉਣ ,ਕਾਮਿਆਂ ਨੂੰ 100 ਦਿਨ ਦਾ ਕੰਮ ਮਿਲਣਾ ਯਕੀਨੀ ਬਣਾਉਣ ਆਦਿ ਮੰਗਾਂ ਉਠਾਈਆਂ ਗਈਆਂ। ਧਰਨੇ ਪ੍ਰਦਰਸ਼ਨ ਦੀ ਸਮਾਪਤੀ ਜ਼ੋਰਦਾਰ ਨਾਅਰਿਆਂ ਨਾਲ ਕੀਤੀ ਗਈ।


Share & like

Leave a Reply