Share & like

ਲੋਕਾਂ ਨੂੰ ਇਲਾਜ਼ ਨਾਲ ਜੁੜੀਆਂ ਜ਼ਰੂਰੀ ਸੇਵਾਵਾਂ ਵਟਸਐਪ ਰਾਹੀਂ ਘਰ ਬੈਠੇ ਮਿਲਣਗੀਆਂ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਚੰਡੀਗੜ੍ਹ, 3 ਅਗਸਤ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਆਮ ਆਦਮੀ ਕਲੀਨਿਕਾਂ ਲਈ ਵਟਸਐਪ ਚੈਟਬੋਟ ਦਾ ਉਦਘਾਟਨ ਕੀਤਾ। ਹੁਣ ਚੈਟ ਬੋਟ ਰਾਹੀਂ ਲੋਕਾਂ ਨੂੰ ਘਰ ਬੈਠੇ ਮੋਬਾਈਲ ਉੱਤੇ ਆਪਣੀਆਂ ਇਲਾਜ਼ ਸਬੰਧੀ ਰਿਪੋਰਟਾਂ ਦੀ ਜਾਣਕਾਰੀ, ਦਵਾਈ ਦੀ ਪਰਚੀ ਅਤੇ ਮੁੜ ਤੋਂ ਦਿਖਾਉਣ ਦੀ ਤਾਰੀਖ ਦਾ ਪਤਾ ਚੱਲ ਸਕੇਗਾ। ਸਮੇਂ-ਸਮੇਂ ’ਤੇ ਲੋਕਾਂ ਨੂੰ ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਪਰਹੇਜ਼ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ।

ਚੈਟਬੋਟ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੈਕਟਰ 18 ਸਥਿਤ ਟੈਗੋਰ ਥੀਏਟਰ ਵਿੱਚ ਕੀਤਾ ਹੈ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਜਲਦ ਹੀ 200 ਹੋਰ ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਆਮ ਆਦਮੀ ਕਲੀਨਿਕ ਖੁੱਲ੍ਹਣ ਨਾਲ ਪੰਜਾਬ ਵਿੱਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ 1081 ਹੋ ਜਾਵੇਗੀ। ਉਨ੍ਹਾਂ ਨੇ
ਸਰਹੱਦੀ ਖੇਤਰ ਦੇ ਸਿਹਤ ਢਾਂਚੇ ਨੂੰ ਲੈ ਕੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸਰਹੱਦੀ ਇਲਾਕੇ ਵਿੱਚ ਪਾਣੀ ਬਹੁਤ ਖਰਾਬ ਹੈ, ਜਿਸ ਵਿੱਚ ਯੂਰੇਨੀਅਮ ਅਤੇ ਹੋਰ ਖਤਰਨਾਕ ਤੱਤ ਪਾਏ ਜਾ ਰਹੇ ਹਨ। ਇਸੇ ਕਰਕੇ ਕਈ ਪਿੰਡਾਂ ਵਿੱਚ ਛੋਟੀ ਉਮਰੇ ਬੱਚਿਆਂ ਦੇ ਵਾਲ ਸਫੈਦ ਹੋ ਰਹੇ ਹਨ ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਥਿਤੀ ਉੱਤੇ ਆਲਮੀ ਸਿਹਤ ਸੰਗਠਨ ਨੂੰ ਧਿਆਨ ਦੇਣਾ ਚਾਹੀਦਾ ਹੈ।


Share & like

Leave a Reply