ਬੇੜੀ ਪੈਣ ਨਾਲ ਲੋਕ ਦਰਿਆ ਦੇ ਆਰ ਪਾਰ ਜਾਣ ਲੱਗੇ, ਪਾਣੀ ਦੀ ਢਾਹ ਲੱਗਣ ਕਾਰਨ ਰਸਤੇ ਦੀ ਹਾਲਤ ਖ਼ਸਤਾ
ਦਵਿੰਦਰਜੀਤ ਸਿੰਘ/ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਬਹਿਰਾਮਪੁਰ/ਗੁਰਦਾਸਪੁਰ, 2 ਅਗਸਤ
ਜਿਲਾ ਗੁਰਦਾਸਪੁਰ ਅੰਦਰ ਪੈਂਦੇ ਮਕੋੜਾ ਪੱਤਣ ‘ਤੇ ਦਰਿਆ ਰਾਵੀ ਵਿੱਚ ਪਾਣੀ ਦਾ ਪੱਧਰ ਘਟਣ ਨਾਲ ਹਾਲਾਤ ਆਮ ਵਾਂਗ ਬਣਨ ਲੱਗੇ ਹਨ।
ਦਰਿਆ ਵਿੱਚ ਬੇੜੀ ਪੈਣ ਉਪਰੰਤ ਅੱਜ ਦਰਿਆ ਪਾਰ ਦੇ ਪਿੰਡਾਂ ਦੇ ਲੋਕਾਂ ਇਧਰ ਆ ਕੇ ਖਰੀਦੋ ਫਰੋਖਤ ਕਰਨ ਤੋਂ ਇਲਾਵਾ ਹੋਰ ਜਰੂਰੀ ਕੰਮ ਨਿਪਟਾਏ। ਗੌਰਤਲਬ ਹੈ ਕਿ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਬੇੜੀ ਨਾ ਪੈਣ ਕਾਰਨ ਦਰਿਆ ਪਾਰਲੇ ਪਿੰਡਾਂ ਦਾ ਸੰਪਰਕ ਇਲਾਕੇ ਨਾਲੋਂ ਪੂਰੀ ਤਰ੍ਹਾਂ ਟੁੱਟ ਗਿਆ ਸੀ ਅਤੇ ਲੋਕ ਭਾਰੀ ਮੁਸੀਬਤਾਂ ਵਿੱਚ ਘਿਰ ਗਏ ਸਨ। ਅੱਜ ਦਰਿਆ ਵਿੱਚ ਬੇੜੀ ਪੈਣ ਤੋਂ ਬਾਅਦ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਅਤੇ ਆਪਣੇ ਕੰਮਾਂ ਵਿੱਚ ਰੁਝੇ ਨਜ਼ਰ ਆਏ।

ਦੱਸਣਯੋਗ ਹੈ ਕਿ ਮਕੌੜਾ ਪੱਤਣ ਉੱਤੇ ਦਰਿਆ ਉੱਤੇ ਕੰਕਰੀਟ ਦਾ ਕੋਈ ਪੱਕਾ ਨਾ ਹੋਣ ਕਾਰਨ ਆਮ ਦਿਨਾਂ ਦੇ ਵਿੱਚ ਪੈਂਟੂਨ ਪੁੱਲ ਰਾਹੀਂ ਆਉਣਾ ਜਾਣਾ ਹੁੰਦਾ ਹੈ। ਲੇਕਿਨ ਬਰਸਾਤ ਦੇ ਦਿਨਾਂ ਪੈਨਟੂਨ ਪੁੱਲ ਦੇ ਰੁਲ ਜਾਣ ਡਰੋ ਚੁੱਕ ਲਿਆ ਜਾਂਦਾ ਹੈ ਅਤੇ ਬੇੜੀ ਰਾਹੀਂ ਲੋਕਾਂ ਦਾ ਆਉਣਾ ਜਾਣਾ ਸ਼ੁਰੂ ਹੋ ਜਾਂਦਾ ਹੈ। ਇਹਨਾਂ ਦਿਨਾਂ ਵਿੱਚ ਦਰਿਆ ਪਾਰ ਆਣ ਜਾਣ ਵਾਲੇ ਲੋਕਾਂ ਦਾ ਇੱਕ ਮਾਤਰ ਸਹਾਰਾ ਸਿਰਫ਼ ਅਤੇ ਸਿਰਫ਼ ਬੇੜੀ ਹੀ ਰਹਿ ਜਾਂਦੀ ਹੈ। ਲੇਕਿਨ ਬਰਸਾਤ ਅਤੇ ਭਾਰੀ ਬਾਰਿਸ਼ ਦੌਰਾਨ ਦਰਿਆ ਵਿੱਚ ਬੇੜੀ ਪੈਣੀ ਵੀ ਬੰਦ ਹੋ ਜਾਂਦੀ ਹੈ। ਜਿਹੇ ਵਿੱਚ ਦਰਿਆ ਪਾਰ ਪੈਂਦੇ ਦਰਜ਼ਨਾਂ ਦੇ ਕਰੀਬ ਪਿੰਡਾਂ ਦਾ ਸੰਪਰਕ ਇਧਰ ਵਾਲੇ ਇਲਾਕੇ ਨਾਲੋਂ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ।
ਹਰੇਕ ਸਾਲ ਦੀ ਤਰ੍ਹਾਂ ਬਰਸਾਤਾਂ ਕਾਰਨ ਪਿਛਲੇ ਦਿਨੀ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਹੋਈ ਭਾਰੀ ਬਰਸਾਤ ਦੌਰਾਨ ਰਾਵੀ ਅਤੇ ਉਜ ਦਰਿਆ ਵਿੱਚ ਹੜ੍ਹ ਵਰਗੇ ਹਾਲਾਤ ਬਣ ਜਾਣ ਕਾਰਨ ਲੋਕ ਇਕ ਮਾਤਰ ਸਹਾਰਾ ਬੇੜੀ ਤੋਂ ਵੀ ਵਾਂਝੇ ਹੋ ਗਏ ਸਨ। ਅੱਜ ਮੀਂਹ ਬੰਦ ਹੋਣ ਉਪਰੰਤ ਬੇੜੀ ਦੁਬਾਰਾ ਚੱਲ ਪਈ ਹੈ ਅਤੇ ਲੋਕ ਆਪਣਾ ਰੋਜ਼ਾਨਾ ਜੀਵਨ ਦਾ ਸਮਾਨ ਦੀ ਖਰੀਦੋ ਫਰੋਖ਼ਤ ਕਰਨ ਵਾਸਤੇ ਬੇੜੀ ਰਾਹੀਂ ਆ ਜਾ ਰਹੇ ਹਨ।

ਦਰਿਆ ਪਾਰ ਪੈਂਦੇ ਪਿੰਡ ਭਰਿਆਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਤਾਇਨਾਤ ਹੈੱਡ ਟੀਚਰ ਕੁਲਬੀਰ ਕੌਰ ਨੇ ਦੱਸਿਆ ਕਿ ਸਕੂਲ ਨੂੰ ਜਾਣ ਵਾਲਾ ਰਸਤੇ ਨੂੰ ਦਰਿਆ ਦੇ ਪਾਣੀ ਦੀ ਢਾਹ ਲੱਗਣ ਕਾਰਨ ਕੁਝ ਰਸਤਾ ਰੁੜ ਗਿਆ ਹੈ। ਉਨ੍ਹਾਂ ਦੱਸਿਆ ਕਿ ਸਕੂਲ ਅਤੇ ਹਸਪਤਾਲ ਦੇ ਸਟਾਫ਼ ਨੂੰ ਆਪਣੀ ਡਿਊਟੀ ‘ਤੇ ਜਾਣ ਲਈ ਮੁਸ਼ਕਲ ਹਾਲਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾਵਾਸੀਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਸਤੇ ਦੀ ਜਲਦ ਤੋਂ ਜਲਦ ਮੁਰੰਮਤ ਕੀਤੀ ਜਾਵੇ।










