ਯੋਗਤਾਵਾਂ ਦੀ ਘੋਖ ਕਰਨ ਤੋਂ ਬਾਅਦ ਮੈਰਿਟ ਦੇ ਅਧਾਰ ‘ਤੇ ਕੀਤੀ ਜਾਵੇਗੀ ਚੋਣ, 4 ਤੋਂ 10 ਅਗਸਤ ਤੱਕ ਕੀਤਾ ਜਾ ਸਕਦਾ ਹੈ ਈ-ਪੰਜਾਬ ‘ਤੇ ਅਪਲਾਈ
ਦਵਿੰਦਰਜੀਤ ਸਿੰਘ/ਜਤਿੰਦਰ ਬੈਂਸਰ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 1 ਅਗਸਤ
ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕਾਂ ਦੀ ਫ਼ਿੰਨਲੈਂਡ ਵਿਖੇ ਸਿਖਲਾਈ ਲਈ ਤੀਸਰੇ ਬੈਂਚ ਦਾ ਸਿਖਲਾਈ ਪ੍ਰੋਗਰਾਮ ਉਲੀਕਿਆ ਗਿਆ ਹੈ।
ਸਿਖਲਾਈ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਪੰਜਾਬ ਸਿੱਖਿਆ ਵਿਭਾਗ ਨੇ ਬੀਪੀਈਓ, ਸੈਂਟਰ ਹੈਡ ਟੀਚਰ, ਹੈਡ ਟੀਚਰ ਅਤੇ ਈਟੀਟੀ ਟੀਚਰਾਂ ਦਾ ਯੂਨੀਵਰਸਿਟੀ ਆਫ ਟੂਰਕੂ ਫ਼ਿੰਨਲੈਂਡ ਵਿੱਚ ਤੀਸਰਾ ਬੈਚ ਭੇਜਣ ਦਾ ਫੈਸਲਾ ਕੀਤਾ ਹੈ l ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ਤਹਿਤ ਦੋ ਬੈਚਾਂ ਦੀ ਟ੍ਰੇਨਿੰਗ ਪੂਰੀ ਕਰਵਾ ਚੁੱਕੀ ਹੈ। ਹੁਣ ਤੀਸਰੇ ਬੈਚ ਵਿੱਚ ਸ਼ਾਮਿਲ ਹੋਣ ਵਾਲੇ ਟ੍ਰੇਨਰਾਂ ਨੂੰ ਦੋ ਭਾਗਾਂ ਵਿੱਚ ਟ੍ਰੇਨਿੰਗ ਦਿੱਤੀ ਜਾਵੇਗੀ।
ਇੱਕ ਹਫ਼ਤਾ ਪੰਜਾਬ ਅਤੇ ਦੋ ਹਫ਼ਤੇ ਫਿਨਲੈਂਡ ਵਿੱਚ ਟ੍ਰੇਨਿੰਗ ਦੇਣ ਦਾ ਫੈਸਲਾ ਕੀਤਾ ਗਿਆ ਹੈ l ਪ੍ਰਾਪਤ ਜਾਣਕਾਰੀ ਅਨੁਸਾਰ ਯੋਗ ਉਮੀਦਵਾਰਾਂ ਨੂੰ ਈ ਪੰਜਾਬ ਆਈਡੀ ਉੱਪਰ 4 ਅਗਸਤ ਤੋਂ 10 ਅਗਸਤ ਤੱਕ ਅਪਲਾਈ ਕਰਨ ਸਬੰਧੀ ਕਿਹਾ ਗਿਆ ਹੈ। ਜਿਸਦੀ ਵੈਰੀਫਿਕੇਸ਼ਨ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਕੀਤੀ ਜਾਵੇਗੀ। ਮੁਢੱਲੀਆਂ ਸ਼ਰਤਾਂ ਪੂਰੀਆਂ ਕਰਨ ਵਾਲਿਆਂ ਉਮੀਦਵਾਰਾਂ ਨੂੰ ਅਗਲੇ ਰਾਊਂਡ ਲਈ ਵਿਚਾਰਿਆ ਜਾਵੇਗਾ।
ਇਸ ਦੌਰਾਨ ਅਧਿਆਪਕਾਂ ਦੀਆਂ ਸਲਾਨਾ ਗੁਪਤ ਰਿਪੋਰਟ, ਵਿੱਦਿਅਕ ਯੋਗਤਾਵਾਂ, ਤਜਰਬਾ, ਐਵਾਰਡ ਅਤੇ ਕੁਆਲਿਟੀ ਐਜੂਕੇਸ਼ਨ ਲਈ ਦਿੱਤੇ ਗਏ ਯੋਗਦਾਨ ਦੀ ਘੋਖ ਕਰਨ ਉਪਰੰਤ ਮੈਰਿਟ ਦੇ ਆਧਾਰ ‘ਤੇ ਟ੍ਰੇਨਿੰਗ ਲਈ ਭੇਜਿਆ ਜਾਵੇਗਾ। ਅਪਲਾਈ ਕਰਨ ਲਈ ਪੋਰਟਲ 10 ਅਗਸਤ ਤੱਕ ਖੁੱਲ੍ਹਾ ਰਹੇਗਾ। ਈਟੀਟੀ ਅਧਿਆਪਕਾਂ ਲਈ ਉਮਰ ਦੀ ਹੱਦ 43 ਸਾਲ ਤੋਂ ਘੱਟ ਅਤੇ ਹੈਡ ਟੀਚਰ, ਸੈਂਟਰ ਹੈੱਡ ਟੀਚਰ, ਬੀਪੀਈਓ ਲਈ ਉਮਰ ਹੱਦ 48 ਸਾਲ ਤੋਂ ਘੱਟ ਰੱਖੀ ਗਈ ਹੈ।











