ਬਠੋਈ ਕਲਾਂ ਦੇ ਦਲਿਤਾਂ ਨਾਲ ਹੋਈ ਧੱਕੇਸ਼ਾਹੀ ਖਿਲਾਫ਼ ਬਸਪਾ ਵੱਲੋਂ 15 ਅਗਸਤ ਨੂੰ ਪਟਿਆਲਾ ‘ਚ ਰੋਸ ਮੁਜ਼ਾਹਰਾ ਕਰਨ ਦਾ ਐਲਾਨ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਚੰਡੀਗੜ੍ਹ, 31 ਜੁਲਾਈ
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸਾਬਕਾ ਮੈਂਬਰ ਰਾਜ ਸਭਾ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਅੱਜ ਇੱਥੇ ਦੱਸਿਆ ਕਿ ਪਾਰਟੀ ਦੇ ਚੀਫ ਨੈਸ਼ਨਲ ਕੋਆਰਡੀਨੇਟਰ ਆਕਾਸ਼ ਆਨੰਦ ਆਗਾਮੀ 3 ਅਗਸਤ ਐਤਵਾਰ ਨੂੰ ਚੰਡੀਗੜ੍ਹ ਵਿਖੇ ਪਹੁੰਣਗੇ ਅਤੇ ਤਿੰਨ ਸੂਬਿਆਂ ਵਿੱਚ ਪਾਰਟੀ ਸੰਗਠਨ ਦੀ ਮਜ਼ਬੂਤੀ ਸਬੰਧੀ ਸਮੀਖਿਆ ਮੀਟਿੰਗ ਕਰਨਗੇ।
ਸ੍ਰੀ ਅਵਤਾਰ ਸਿੰਘ ਕਰੀਮਪੁਰੀ ਜੋ ਬਸਪਾ ਚੰਡੀਗੜ੍ਹ ਦੇ ਇੰਚਾਰਜ ਵੀ ਹਨ, ਨੇ ਕਿਹਾ ਕਿ ਇਹ ਸਮਾਗਮ ਚੰਡੀਗੜ੍ਹ ਸੈਕਟਰ 29 ਸਥਿਤ ਦੇਸ਼ ਸੇਵਕ ਹਾਲ ਵਿੱਚ ਹੋਵੇਗਾ ਜਿੱਥੇ ਸ੍ਰੀ ਆਕਾਸ਼ ਆਨੰਦ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਬੀਐਸਪੀ ਸੰਗਠਨ ਦੀ ਸਮੀਖਿਆ ਕਰਨਗੇ ਅਤੇ ਨਾਲ ਹੀ ਉਹ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਨਾਲ ਸੰਵਾਦ ਵੀ ਰਚਾਉਣਗੇ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਠੋਈ ਕਲਾਂ ਦੇ ਦਲਿਤ ਭਾਈਚਾਰੇ ਨਾਲ ਸਰਕਾਰ ਵੱਲੋਂ ਕੀਤੀ ਗਈ ਵਧੀਕੀ ਦੇ ਖਿਲਾਫ਼ ਬਹੁਜਨ ਸਮਾਜ ਪਾਰਟੀ ਆਗਾਮੀ ਆਜ਼ਾਦੀ ਦਿਹਾੜੇ 15 ਅਗਸਤ ਨੂੰ ਪਟਿਆਲਾ ਵਿੱਚ ਵਿਸ਼ਾਲ ਰੋਸ ਮੁਜ਼ਾਹਰਾ ਕਰੇਗੀ। ਉਨ੍ਹਾਂ ਦੋਸ਼ ਲਾਇਆ ਕਿ ਪਟਿਆਲਾ ਪ੍ਰਸ਼ਾਸਨ ਨੇ ਬਠੋਈ ਕਲਾਂ ਦੀ ਪੰਚਾਇਤੀ ਜ਼ਮੀਨ ਵਿੱਚ 35 ਏਕੜ ਦਲਿਤਾਂ ਦੇ ਹਿੱਸੇ ਦੀ ਬਣਦੀ ਜਮੀਨ ਦੀ ਬੋਲੀ ਕਰਵਾ ਕੇ ਅਤੇ ਉਹਨਾਂ ਤੋਂ 11 ਲੱਖ ਰੁਪਏ ਤੋਂ ਵੱਧ ਦੀ ਰਕਮ ਜਮ੍ਹਾਂ ਕਰਵਾਉਣ ਦੇ ਬਾਵਜੂਦ ਉਹਨਾਂ ਨੂੰ ਜਮੀਨ ਦਾ ਕਬਜ਼ਾ ਨਹੀਂ ਦਿੱਤਾ ਸਗੋਂ ਉਹਨਾਂ ਨੂੰ ਮਾਰ ਕੁੱਟ ਕੇ ਭਜਾ ਦਿੱਤਾ ਗਿਆ। ਇਸ ਕਾਰਵਾਈ ਦਾ ਬਹੁਜਨ ਸਮਾਜ ਪਾਰਟੀ ਸਖਤ ਵਿਰੋਧ ਕਰਦੀ ਹੈ ਅਤੇ ਇਸ ਖਿਲਾਫ ਆਜ਼ਾਦੀ ਦਿਹਾੜੇ ਮੌਕੇ ਪਟਿਆਲੇ ਵਿੱਚ ਰੋਸ ਮੁਜ਼ਾਹਰਾ ਕੀਤਾ ਜਾਵੇਗਾ ਕਿਉਂਕਿ ਇਸ ਦੇਸ਼ ਵਿੱਚ ਦਲਿਤਾਂ, ਮਜ਼ਦੂਰਾਂ, ਗਰੀਬਾਂ ਤੇ ਆਮ ਲੋਕਾਂ ਨੂੰ ਹਾਲੇ ਵੀ ਆਜ਼ਾਦੀ ਹਾਸਲ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਬੀਤੀ 27 ਜੁਲਾਈ ਐਤਵਾਰ ਨੂੰ ਸ੍ਰੀ ਆਕਾਸ਼ ਆਨੰਦ ਨੇ ਬੀਐਸਪੀ ਪੰਜਾਬ ਦੇ ਜਲੰਧਰ ਸਥਿਤ ਮੁੱਖ ਦਫਤਰ ਵਿਖੇ ਪੰਜਾਬ ਅਤੇ ਜੰਮੂ ਕਸ਼ਮੀਰ ਸੂਬਿਆਂ ਦੇ ਪਾਰਟੀ ਸੰਗਠਨ ਸਬੰਧੀ ਸਮੀਖਿਆ ਮੀਟਿੰਗ ਕੀਤੀ ਸੀ। ਉਨ੍ਹਾਂ ਕਿਹਾ ਕਿ 3 ਅਗਸਤ ਦੀ ਮੀਟਿੰਗ ਵਿੱਚ ਸ੍ਰੀ ਆਕਾਸ਼ ਆਨੰਦ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਜਦੋਂ ਕਿ ਨੈਸ਼ਨਲ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਬੀਐਸਪੀ ਦੇ ਬਾਨੀ ਬਾਬੂ ਕਾਂਸ਼ੀ ਰਾਮ ਜੀ ਦੇ ਜਨਮ ਦਿਹਾੜੇ 15 ਮਾਰਚ ਤੋਂ ਸੂਬੇ ਵਿੱਚ “ਪੰਜਾਬ ਸੰਭਾਲੋ ਮੁਹਿੰਮ” ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਪਾਰਟੀ ਨੇ ਨਸ਼ਿਆਂ ਅਤੇ ਬੇਰੁਜ਼ਗਾਰੀ ਵਰਗੇ ਨੌਜਵਾਨਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਉਠਾਇਆ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ “ਰਿਲੇਸ਼ਨ ਬਚਾਉਣ ਦੀ ਨਹੀਂ ਸਗੋਂ ਜਨਰੇਸ਼ਨ ਬਚਾਉਣ” ਦੀ ਹੈ, ਕਿਉਂਕਿ ਸੂਬੇ ਵਿੱਚ ਹੁਣ ਤੱਕ ਦੀਆਂ ਰਹੀਆਂ ਵੱਖ ਵੱਖ ਹਾਕਮ ਪਾਰਟੀਆਂ ਨੇ ਪੰਜਾਬ ਤੇ ਇਸ ਦੀ ਜਵਾਨੀ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੇ ਹਾਕਮ ਨਸ਼ੇ ਕਾਰਨ ਪੰਜਾਬ ਵਿੱਚ ਹੋਈਆਂ ਲੱਖਾਂ ਨੌਜਵਾਨਾਂ ਦੀਆਂ ਮੌਤਾਂ ਲਈ ਜਿੰਮੇਵਾਰ ਹਨ, ਜਿਹੜੇ ਇੱਕ ਤਰ੍ਹਾਂ ਡਰੱਗ ਮਾਫੀਆ ਰਾਹੀਂ ਸੂਬੇ ਦੀ ਨੌਜਵਾਨੀ ਦੀਆਂ ਕਬਰਾਂ ਪੁੱਟ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਹਾਕਮਾਂ ਨੂੰ ਸਿਰਫ ਸਰਮਾਏਦਾਰਾਂ ਦੀ ਫਿਕਰ ਹੈ ਆਮ ਆਦਮੀ ਦੀ ਕੋਈ ਫਿਕਰ ਨਹੀਂ ਹੈ। ਇਸੇ ਤਹਿਤ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਦਾ ਇੱਕੋ ਇੱਕ ਮਕਸਦ ਸਰਮਾਏਦਾਰਾਂ ਨੂੰ ਫਾਇਦਾ ਪਹੁੰਚਾਉਣਾ ਹੈ ਅਤੇ ਕਿਸਾਨਾਂ ਦੀ ਜਮੀਨਾਂ ਖੋਹ ਕੇ ਉਹਨਾਂ ਉੱਤੇ ਪੂੰਜੀਪਤੀਆਂ ਦਾ ਕਬਜ਼ਾ ਕਰਵਾਉਣਾ ਹੈ।
ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਇਹਨਾਂ ਦੇ ਅਜਿਹੇ ਨਾਪਾਕ ਮਨਸੂਬਿਆਂ ਨੂੰ ਕਦੇ ਵੀ ਪੂਰਾ ਨਹੀਂ ਹੋਣ ਦੇਵੇਗੀ ਅਤੇ ਇਸ ਖਿਲਾਫ ਪਾਰਟੀ ਨੇ ਜੋਰਦਾਰ ਮੁਹਿੰਮ ਵਿੱਢੀ ਹੋਈ ਹੈ ਅਤੇ ਆਗਾਮੀ 2027 ਵਿੱਚ ਪਾਰਟੀ ਪੰਜਾਬ ਵਿੱਚ ਆਪਣੀ ਸਰਕਾਰ ਬਣਾ ਕੇ ਸੂਬੇ ਦੇ ਹਾਲਾਤ ਨੂੰ ਆਮ ਇਨਸਾਨ ਲਈ ਬਿਹਤਰ ਬਣਾਵੇਗੀ। ਇਸ ਮੌਕੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਹਰਭਜਨ ਸਿੰਘ ਠੇਕੇਦਾਰ, ਚੰਡੀਗੜ੍ਹ ਬਸਪਾ ਦੇ ਮੀਤ ਪ੍ਰਧਾਨ ਡਾ. ਨਿਰਮਲ ਸਿੰਘ ਬੀਕਾ, ਸੁਰਿੰਦਰ ਸਿੰਘ ਖੁੱਡਾ ਤੇ ਹੋਰ ਆਗੂ ਵੀ ਹਾਜ਼ਰ ਸਨ।











