Share & like

ਰੋਜ਼ਾਨਾ ਖ਼ਬਰ
ਨਵੀਂ ਦਿੱਲੀ, 21 ਜੁਲਾਈ
ਸੀਬੀਐੱਸਈ ਨੇ ਐਫੀਲੀਏਸ਼ਨ ਨਿਯਮਾਂ ਵਿਚ ਸੋਧ ਕਰਦਿਆਂ ਸਕੂਲਾਂ ਵਿਚ ਪਖਾਨਿਆਂ ਨੂੰ ਛੱਡ ਕੇ ਹੋਰਨਾਂ ਸਾਰੀਆਂ ਥਾਵਾਂ ’ਤੇ ਰੀਅਲ ਟਾਈਮ ਆਡੀਓ-ਵਿਜ਼ੂਅਲ ਰਿਕਾਰਡਿੰਗ ਨਾਲ ਲੈਸ ਸੀਸੀਟੀਵੀ ਕੈਮਰੇ ਲਾਉਣੇ ਲਾਜ਼ਮੀ ਕਰ ਦਿੱਤੇ ਹਨ।

ਇਸ ਸਬੰਧੀ ਸੀਬੀਐੱਸਈ ਦੇ ਸਕੱਤਰ ਹਿਮਾਂਸ਼ੂ ਗੁਪਤਾ ਨੇ ਕਿਹਾ ਹੈ ਕਿ ਵਿਦਿਆਰਥੀਆਂ ਦੀ ਸੁਰੱਖਿਆ ਇੱਕ ਸਕੂਲ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਵਿੱਚੋਂ ਇੱਕ ਹੈ। ਵਿਦਿਆਰਥੀਆਂ ਲਈ ਸਕੂਲ ਵਿੱਚ ਸੁਰੱਖਿਅਤ ਅਤੇ ਇਕਸੁਰ ਈਕੋ-ਸਿਸਟਮ ਯਕੀਨੀ ਬਣਾਉਣਾ ਵੀ ਸਕੂਲ ਦਾ ਹੀ ਫ਼ਰਜ਼ ਹੈ। ਸੁਰੱਖਿਆ ਦੇ ਦੋ ਪਹਿਲੂ ਹਨ ਪਹਿਲਾ ਗੈਰ-ਸਮਾਜਿਕ ਤੱਤਾਂ ਤੋਂ ਸੁਰੱਖਿਆ ਦੂਜਾ ਧੱਕੇਸ਼ਾਹੀ ਅਤੇ ਹੋਰ ਅਪ੍ਰਤੱਖ ਖਤਰਿਆਂ ਦੇ ਹਵਾਲੇ ਨਾਲ ਬੱਚਿਆਂ ਦੀ ਸਮੁੱਚੀ ਭਲਾਈ ਲਈ ਸੁਰੱਖਿਆ। ਉਨ੍ਹਾਂ ਕਿਹਾ ਕਿ ਅਜਿਹੀਆਂ ਸਾਰੀਆਂ ਸੰਭਾਵਨਾਵਾਂ ਨੂੰ ਇੱਕ ਚੌਕਸ ਅਤੇ ਸੰਵੇਦਨਸ਼ੀਲ ਸਟਾਫ਼ ਅਤੇ ਨਵੀਨਤਮ ਤਕਨਾਲੋਜੀ ਦੀ ਵਰਤੋਂ ਨਾਲ ਹੀ ਰੋਕਿਆ ਜਾ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਸਕੂਲਾਂ ਵਿਚ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ (ਸੀਬੀਐੱਸਈ) ਬੋਰਡ ਨੇ ਐਫੀਲੀਏਸ਼ਨ ਬਾਈ ਲਾਅਜ਼-2018 ਦੇ ਚੈਪਟਰ 4 (ਭੌਤਿਕ ਬੁਨਿਆਦੀ ਢਾਂਚਾ) ਵਿੱਚ ਸੋਧ ਕਰਕੇ ਸੀਸੀਟੀਵੀ ਲਾਉਣ ਬਾਰੇ ਇੱਕ ਧਾਰਾ ਸ਼ਾਮਲ ਕੀਤੀ ਹੈ। ਉਨ੍ਹਾਂ ਕਿਹਾ ਸਕੂਲ ਨੂੰ ਸਾਰੇ ਪ੍ਰਵੇਸ਼ ਅਤੇ ਨਿਕਾਸ ਸਥਾਨਾਂ, ਲਾਬੀਆਂ, ਗਲਿਆਰਿਆਂ, ਪੌੜੀਆਂ, ਸਾਰੇ ਕਲਾਸਰੂਮਾਂ, ਪ੍ਰਯੋਗਸ਼ਾਲਾਵਾਂ, ਲਾਇਬਰੇਰੀ, ਕੰਟੀਨ ਖੇਤਰ, ਸਟੋਰ ਰੂਮ, ਖੇਡ ਮੈਦਾਨ ਅਤੇ ਹੋਰ ਆਮ ਖੇਤਰਾਂ ਵਿੱਚ ਆਡੀਓ ਵਿਜ਼ੂਅਲ ਸਹੂਲਤ ਵਾਲੇ ਉੱਚ ਰੈਜ਼ੋਲਿਊਸ਼ਨ ਵਾਲੇ ਸੀਸੀਟੀਵੀ ਕੈਮਰੇ ਲਗਾਉਣੇ ਚਾਹੀਦੇ ਹਨ, ਜਿਨ੍ਹਾਂ ਵਿੱਚ ਰੀਅਲ ਟਾਈਮ ਆਡੀਓ ਵਿਜ਼ੂਅਲ ਰਿਕਾਰਡਿੰਗ ਹੋਵੇ।

ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰੇ ਘੱਟੋ-ਘੱਟ 15 ਦਿਨਾਂ ਦੀ ਫੁਟੇਜ ਰੱਖਣ ਦੀ ਸਮਰੱਥਾ ਵਾਲੇ ਸਟੋਰੇਜ ਡਿਵਾਈਸ ਨਾਲ ਲੈਸ ਹੋਣੇ ਚਾਹੀਦੇ ਹਨ। ਇਹ ਯਕੀਨੀ ਬਣਾਇਆ ਜਾਵੇਗਾ ਕਿ ਘੱਟੋ-ਘੱਟ 15 ਦਿਨਾਂ ਦਾ ਬੈਕਅੱਪ ਸੁਰੱਖਿਅਤ ਰੱਖਿਆ ਜਾਵੇ। ਤਾਂ ਜੋ ਲੋੜ ਪੈਣ ’ਤੇ ਅਧਿਕਾਰੀਆਂ ਵੱਲੋਂ ਪਹੁੰਚ ਕੀਤੀ ਜਾ ਸਕਦੀ ਹੈ।


Share & like

Leave a Reply