ਸਰਕਾਰੀ ਸਨਮਾਨ ਨਾਲ ਹੋਇਆ ਸਸਕਾਰ, ਮੁੱਖ ਮੰਤਰੀ ਤੇ ਰਾਜਪਾਲ ਵੱਲੋਂ ਸ਼ਰਧਾਂਜਲੀ ਭੇਟ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਬਿਆਸ, 20 ਜੁਲਾਈ
ਬਜ਼ੁਰਗ ਦੌੜਾਕ ਫੌਜਾ ਸਿੰਘ ਦਾ ਅੱਜ ਪਿੰਡ ਬਿਆਸ ਵਿਖੇ ਸਰਕਾਰੀ ਸਨਮਾਨ ਨਾਲ ਸਸਕਾਰ ਕਰ ਦਿੱਤਾ ਗਿਆ। ਪੰਜਾਬ ਪੁਲੀਸ ਦੀ ਟੁਕੜੀ ਵੱਲੋਂ ਬਜ਼ੁਰਗ ਦੌੜਾਕ ਨੂੰ ਗਾਰਡ ਆਫ਼ ਆਨਰ ਦਿੱਤਾ। ਇਸ ਮੌਕੇ ਇਲਾਕਾ ਵਾਸੀ ਤੇ ਵੱਡੀ ਗਿਣਤੀ ਵਿੱਚ ਪ੍ਰਸੰਸਕਾਂ ਨੇ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ।
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਫੌਜਾ ਸਿੰਘ ਦੇ ਪਿੰਡ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਫੌਜਾ ਸਿੰਘ ਆਤਮ ਵਿਸ਼ਵਾਸ ਨਾਲ ਭਰੇ ਹੋਏ ਸਨ ਤੇ ਉਹ ਹਮੇਸ਼ਾ ਹਾਂ ਪੱਖੀ ਗੱਲਾਂ ਕਰਦੇ ਸਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿਆਸ ਦੇ ਸ਼ਮਸ਼ਾਨਘਾਟ ਵਿੱਚ ਦੌੜਾਕ ਫੌਜਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ।

ਇਸ ਤੋਂ ਪਹਿਲਾਂ ਬਜ਼ੁਰਗ ਦੌੜਾਕ ਫੌਜਾ ਸਿੰਘ ਦੀ ਦੇਹ ਅੰਤਿਮ ਦਰਸ਼ਨਾਂ ਲਈ ਰੱਖੀ ਗਈ ਤੇ ਉਨ੍ਹਾਂ ਦੇ ਪ੍ਰਸੰਸਕਾਂ ਨੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਲਜੀ ਭੇਟ ਕੀਤੀ। ਇਸ ਮੌਕੇ ਫੌਜਾ ਸਿੰਘ ਦੀ ਪੋਤੀ ਕਾਫ਼ੀ ਭਾਵੁਕ ਹੋਈ। ਉਨ੍ਹਾਂ ਦਾ ਪੁੱਤਰ ਯੂਕੇ ਤੋਂ ਬੀਤੇ ਦਿਨੀਂ ਪਿੰਡ ਬਿਆਸ ਪੁੱਜ ਗਿਆ ਸੀ।
ਜ਼ਿਕਰਯੋਗ ਹੈ ਕਿ ਫੌਜਾ ਸਿੰਘ ਦੀ 14 ਜੁਲਾਈ ਨੂੰ ਆਪਣੇ ਘਰ ਦੇ ਬਾਹਰ ਸੈਰ ਕਰਦੇ ਸਮੇਂ ਕਿਸੇ ਵਾਹਨ ਵੱਲੋਂ ਟੱਕਰ ਮਾਰਨ ਕਾਰਨ ਮੌਤ ਹੋ ਗਈ ਸੀ। ਫੌਜਾ ਸਿੰਘ ਵਿਸ਼ਵ ਦੇ ਪਹਿਲੇ 100 ਸਾਲਾ ਦੌੜਾਕ ਸਨ। ਉਨ੍ਹਾਂ ਦਾ ਜਨਮ 1 ਅਪਰੈਲ 1911 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਬਿਆਸ ’ਚ ਹੋਇਆ ਸੀ।











