ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਅੰਮ੍ਰਿਤਸਰ, 18 ਜੁਲਾਈ
ਸ੍ਰੀ ਹਰਿਮੰਦਰ ਸਾਹਿਬ ਵਿਖੇ ਧਮਕੀ ਭਰੇ ਈਮੇਲ ਭੇਜਣ ਦੇ ਮਾਮਲੇ ਵਿੱਚ ਪੁਲੀਸ ਨੇ ਫਰੀਦਾਬਾਦ ਤੋਂ ਸ਼ੁਭਮ ਦੂਬੇ ਨਾਂਅ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲੀਸ ਵੱਲੋਂ ਉਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੇ ਉਸ ਦਾ ਲੈਪਟਾਪ ਤੇ ਮੋਬਾਈਲ ਫੋਨ ਫਰੈਂਸਿਕ ਲੈਬ ਵਿਚ ਜਾਂਚ ਲਈ ਭੇਜਿਆ ਹੈ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੁਝ ਟੀਮਾਂ ਤਾਮਿਲਨਾਡੂ ਭੇਜੀਆਂ ਗਈਆਂ ਹਨ। ਪੁਲੀਸ ਟੀਮ ਨੇ ਫ਼ਰੀਦਾਬਾਦ ਤੋਂ ਸ਼ੁਭਮ ਦੂਬੇ ਨਾਂਅ ਦੇ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ। ਉਸ ਨੇ ਬੀ.ਟੈੱਕ ਇੰਜਨੀਅਰਿੰਗ ਕੀਤੀ ਹੋਈ ਹੈ। ਪੁਲੀਸ ਨੇ ਜਾਂਚ ਲਈ ਉਸ ਦਾ ਲੈਪਟਾਪ ਅਤੇ ਮੋਬਾਈਲ ਵੀ ਜ਼ਬਤ ਕੀਤਾ ਹੈ ਜਿਸਨੂੰ ਜਾਂਚ ਲਈ ਫਰੈਂਸਿਕ ਲੈਬ ਭੇਜਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਵੱਖ-ਵੱਖ ਖ਼ੁਫ਼ੀਆ ਅਤੇ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਵਿੱਚ ਹੈ। ਇਸ ਮਾਮਲੇ ਵਿੱਚ ਤਾਮਿਲਨਾਡੂ ਸਰਕਾਰ ਨਾਲ ਵੀ ਸੰਪਰਕ ਬਣਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਤਾਮਿਲਨਾਡੂ ਸਰਕਾਰ ਤੋਂ ਜਾਣਕਾਰੀ ਮਿਲੀ ਹੈ ਕਿ ਉੱਥੇ ਵੀ ਇਸ ਤਰ੍ਹਾਂ ਦੀਆਂ ਵੱਡੇ ਪੱਧਰ ’ਤੇ ਈਮੇਲ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਭੇਜੀਆਂ ਧਮਕੀ ਭਰੀਆਂ ਈਮੇਲਾਂ ਦਾ ਵੱਡਾ ਹਿੱਸਾ ਭਾਰਤ ਦੇ ਦੱਖਣੀ ਰਾਜਾਂ ਨਾਲ ਸਬੰਧਤ ਹੈ, ਜਦੋਂ ਕਿ ਉਸ ਵਿੱਚ ਸਿਰਫ ਹਰਿਮੰਦਰ ਸਾਹਿਬ ਬਾਰੇ ਕੁਝ ਲਾਈਨਾਂ ਹੀ ਸ਼ਾਮਲ ਹਨ। ਇਸ ਤੋਂ ਲੱਗਦਾ ਹੈ ਕਿ ਇਹ ਈਮੇਲ ਭੇਜਣ ਵਾਲਾ ਵਿਅਕਤੀ ਜਾਂਚ ਦੌਰਾਨ ਧਿਆਨ ਹੋਰ ਪਾਸੇ ਬਦਲਣਾ ਚਾਹੁੰਦਾ ਹੈ ਜਾਂ ਫਿਰ ਧਿਆਨ ਖਿੱਚਣਾ ਚਾਹੁੰਦਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਜਿਹੀਆਂ ਈਮੇਲ ਵਿੱਚ ਦੱਖਣੀ ਭਾਰਤ ਦੀ ਇੱਕ ਸਿਆਸੀ ਪਾਰਟੀ ਅਤੇ ਇੱਕ ਯੂਨੀਵਰਸਿਟੀ ਦਾ ਵੀ ਜ਼ਿਕਰ ਕੀਤਾ ਹੈ।ਭੁੱਲਰ ਨੇ ਕਿਹਾ ਕਿ ਸਾਈਬਰ ਸਪੇਸ ਇਸ ਵੇਲੇ ਇਕ ਵਿਸਤ੍ਰਿਤ ਖੇਤਰ ਬਣ ਚੁੱਕਾ ਹੈ ਅਤੇ ਸਾਈਬਰ ਕ੍ਰਾਈਮ ਦੀ ਜਾਂਚ ਵਾਸਤੇ ਸਮਾਂ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਈਮੇਲ ਭੇਜਣ ਵਾਲੇ ਸ਼ਖ਼ਸ ਵੱਲੋਂ ਦੇਸ਼ ਤੋਂ ਬਾਹਰਲੇ ਸਾਈਬਰ ਮੰਚ ਦੀ ਵਰਤੋਂ ਕੀਤੀ ਗਈ ਹੈ, ਜਿੱਥੋਂ ਪੁਲੀਸ ਵੱਲੋਂ ਡੇਟਾ ਕਢਵਾਇਆ ਜਾ ਰਿਹਾ ਹੈ।
ਉਨ੍ਹਾਂ ਖੁਲਾਸਾ ਕੀਤਾ ਕਿ ਪੁਲੀਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਜਿਸ ਦੀ ਨਿਗਰਾਨੀ ਡੀਸੀਪੀ ਪੱਧਰ ਦਾ ਪੁਲੀਸ ਅਧਿਕਾਰੀ ਕਰ ਰਿਹਾ ਹੈ। ਸੁਰੱਖਿਆ ਦੇ ਮੱਦੇਨਜ਼ਰ ਪੁਲੀਸ ਬਲ ਦੇ ਨਾਲ ਭੰਨਤੋੜ ਵਿਰੋਧੀ ਦਸਤਾ, ਸਪੈਸ਼ਲ ਆਪਰੇਸ਼ਨ ਗਰੁੱਪ, ਸਵੈਟ ਟੀਮ, ਬੰਬ ਨਕਾਰਾ ਦਸਤਾ ਅਤੇ ਨੀਮ ਫੌਜੀ ਬਲ ਆਦਿ ਤਾਇਨਾਤ ਕੀਤੇ ਗਏ ਹਨ। ਚਿੱਟ ਕੱਪੜੀਏ ਪੁਲੀਸ ਵਾਲੇ ਵੀ ਨਿਗਰਾਨੀ ਕਰ ਰਹੇ ਹਨ।











