ਬਿਜਲੀ ਦਾ ਨਿੱਜੀਕਰਨ ਤੇ ਸਮਾਰਟ ਮੀਟਰ ਲਾਉਣ ਦਾ ਫੈਸਲਾ ਰੱਦ ਕਰਨ ਦੀ ਕੀਤੀ ਮੰਗ, ਸਮਾਰਟ ਮੀਟਰ ਲਾਉਣ ਤੋਂ ਰੋਕਣ ਦਾ ਕੀਤਾ ਐਲਾਨ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 14 ਜੁਲਾਈ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਸੈਂਕੜੇ ਕਿਸਾਨਾਂ, ਮਜਦੂਰਾਂ, ਬੀਬੀਆਂ ਵੱਲੋਂ ਪਾਵਰਕੌਮ ਦੇ ਐਸਈ ਦਫ਼ਤਰ ਗੁਰਦਾਸਪੁਰ ਅੱਗੇ ਵਿਸ਼ਾਲ ਧਰਨਾ ਦਿਤਾ ਗਿਆ। ਐਸਸੀ ਪਾਵਰਕੌਮ ਨੂੰ ਜੱਥੇਬੰਦੀ ਵੱਲੋਂ 8 ਸੂਤਰੀ ਮੰਗ ਪੱਤਰ ਦੇ ਕੇ ਬਿਜਲੀ ਦਾ ਨਿੱਜੀਕਰਨ ਦਾ ਫੈਸਲਾ ਰੱਦ ਕਰਨ ਤੇ ਸਮਾਰਟ ਮੀਟਰ ਲਾਉਣ ਦਾ ਫੈਸਲਾ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ।
ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਹਰਵਿੰਦਰ ਸਿੰਘ ਮਾਸਣੀਆਂ, ਝਿਰਮਲ ਸਿੰਘ, ਗੁਰਪ੍ਰੀਤ ਸਿੰਘ ਖਾਨਪੁਰ, ਹਰਭਜਨ ਸਿੰਘ ਵੈਰੋਂਨੰਗਲ , ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ ਨੇ ਕਿਹਾ ਕਿ ਬਿਜਲੀ ਸਪਲਾਈ ਦਾ ਨਿੱਜੀਕਰਨ ਹੋਣ ਨਾਲ ਬਿਜਲੀ ਪੂਰੀ ਤਰ੍ਹਾਂ ਨਿੱਜੀ ਕੰਪਨੀਆਂ ਦੇ ਹੱਥਾਂ ਵਿੱਚ ਚਲੀ ਜਾਵੇਗੀ ਤੇ ਖਪਤਕਾਰਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ, ਬਿਜਲੀ ਐਕਟ 1948 ਅਨੁਸਾਰ ਪੰਚਾਇਤਾਂ ਵੱਲੋਂ ਮੱਤੇ ਪਾ ਕੇ ਦਿੱਤੀਆਂ ਮੁਫ਼ਤ ਜ਼ਮੀਨਾਂ ਉਤੇ ਉਸਰਿਆ ਬਿਜਲੀ ਬੋਰਡ ਦਾ ਅਧਾਰਾਂ ਬਿਜਲੀ ਐਕਟ 2003 ਨਿਗਮੀਕਰਨ ਰਾਹੀਂ ਪਾਵਰਕੌਮ ਤੇ ਟਰਾਸਕੋ ਨਾਮ ਦੀਆਂ ਕੰਪਨੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਨਾਲ 1 ਲੱਖ 20 ਹਜ਼ਾਰ ਮੁਲਾਜ਼ਮਾਂ ਵਿੱਚੋਂ 85 ਹਜ਼ਾਰ ਅਸਾਮੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਹੁਣ ਬਿਜਲੀ ਸਪਲਾਈ ਨੂੰ ਨਿੱਜੀ ਹੱਥਾਂ ਵਿੱਚ ਦੇਣ ਲਈ ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2025 ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਕਿਸਾਨ ਆਗੂਆਂ ਨੇ ਸਮੂਹ ਸਮਾਜ ਨੂੰ ਬਿਜਲੀ ਦਾ ਨਿੱਜੀਕਰਨ ਰੋਕਣ ਲਈ ਸੰਘਰਸ਼ ਦੇ ਮੈਦਾਨ ਵਿੱਚ ਆਉਣ ਦਾ ਸੱਦਾ ਦਿੱਤਾ ਤੇ ਐਲਾਨ ਕੀਤਾ ਕਿ ਸਮਾਰਟ ਮੀਟਰ ਖਪਤਕਾਰਾਂ ਦੇ ਘਰਾਂ ਵਿੱਚ ਨਹੀਂ ਲੱਗਣ ਦਿੱਤੇ ਜਾਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਮੋਟਰਾਂ ਦਾ ਲੋਡ ਵਧਾਉਣ ਲਈ ਵੀ ਡੀ ਐਸ ਸਕੀਮ 12 ਸੋ ਰੁਪਏ ਪ੍ਰਤੀ ਹੋਸ ਪਾਵਰ ਸ਼ੁਰੂ ਕੀਤੀ ਜਾਵੇ, ਖਪਤਕਾਰਾਂ ਨੂੰ ਬਿਜਲੀ ਐਕਟ 2003 ਰਾਹੀਂ ਪਾਏ ਸਾਰੇ ਜੁਰਮਾਨੇ ਤੇ ਕੀਤੇ ਪਰਚੇ ਰੱਦ ਕੀਤੇ ਜਾਣ, ਟ੍ਰਾਂਸਫਾਰਮਰ ਸੜਨ ਦੀ ਸੂਰਤ ਵਿੱਚ ਪਾਵਰਕੌਮ ਵੱਲੋਂ ਕਾਨੂੰਨ ਮੁਤਾਬਕ ਟ੍ਰਾਂਸਫਾਰਮਰ ਲਿਆਉਣ ਤੇ ਲਿਜਾਣ ਦੀ ਸਰਕਾਰੀ ਗੱਡੀ ਮੁੱਹਈਆ ਕਰਵਾਈ ਜਾਵੇ, ਬਿਜਲੀ ਐਕਟ 2003 ਰੱਦ ਕਰਕੇ ਬਿਜਲੀ ਬੋਰਡ ਨੂੰ ਪਹਿਲੇ ਸਰੂਪ ਵਿੱਚ ਬਹਾਲ ਕੀਤਾ ਜਾਵੇ, ਖ਼ਤਮ ਕੀਤੀਆਂ 85 ਹਜ਼ਾਰ ਅਸਾਮੀਆਂ ਬਹਾਲ ਕਰਕੇ ਨਵੀਂ ਭਰਤੀ ਸ਼ੁਰੂ ਕੀਤੀ ਜਾਵੇ, ਖਪਤਕਾਰਾਂ ਨੂੰ ਬਿਜਲੀ ਸਪਲਾਈ 1 ਤੋਂ ਡੇਢ ਰੁਪਏ ਯੂਨਿਟ ਤੱਕ ਦਿੱਤੀ ਜਾਵੇ, ਬਿਜਲੀ ਚੋਰੀ ਆਪਣੇ ਆਪ ਖ਼ਤਮ ਹੋ ਜਾਵੇਗੀ।

ਇਸ ਮੌਕੇ ਜ਼ਿਲ੍ਹਾ ਆਗੂ ਨਿਸ਼ਾਨ ਸਿੰਘ, ਸੁਖਜਿੰਦਰ ਸਿੰਘ ਕੁਲਜੀਤ ਸਿੰਘ ਹਯਾਤ ਨਗਰ , ਸਤਨਾਮ ਸਿੰਘ ਖਜਾਨਚੀ, ਜਤਿੰਦਰ ਸਿੰਘ , ਸੁੱਖਵਿੰਦਰ ਸਿੰਘ , ਬਖਸ਼ੀਸ਼ ਸਿੰਘ ਸਤਨਾਮ ਸਿੰਘ , ਪਰਮਿੰਦਰ ਸਿੰਘ ਗੁਰਮੁਖ ਸਿੰਘ ਹਰਚਰਨ ਸਿੰਘ ,ਹਰਜੀਤ ਕੌਰ ,ਬਲਵਿੰਦਰ ਕੌਰ, ਗੁਰਪ੍ਰੀਤ ਕੌਰ ਹਰਜੀਤ ਸਿੰਘ ਲੀਲ ਕਲਾ, ਕੰਵਲਜੀਤ ਸਿੰਘ, ਸੁਖਜਿੰਦਰ ਸਿੰਘ, ਮਾਸਟਰ ਗੁਰਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਬੀਬੀਆਂ ਹਾਜ਼ਰ ਸਨ।










