Share & like

ਪਾਕਿਸਤਾਨੀ ਏਜੰਸੀਆਂ ਤੇ ਹਰਵਿੰਦਰ ਰਿੰਦਾ ਨੇ ਪੰਜਾਬ ਵਿੱਚ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਭੇਜੀ ਸੀ ਇਹ ਖੇਪ: ਡੀਜੀਪੀ ਗੌਰਵ ਯਾਦਵ

ਗੁਰਦਾਸਪੁਰ, 09 ਜੁਲਾਈ (ਬੈਂਸ/ਰੋਜ਼ਾਨਾ ਖ਼ਬਰ)
ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਖੁਫੀਆ ਸੂਚਨਾ ਦੇ ਅਧਾਰ ’ਤੇ ਕਾਰਵਾਈ ਕਰਕੇ ਗੁਰਦਾਸਪੁਰ ਦੇ ਸਰਹੱਦੀ ਖੇਤਰ ਵਿੱਚੋਂ 2 ਏਕੇ 47 ਰਾਈਫਲ, ਕਾਰਤੂਸ, ਮੈਗਜ਼ੀਨ ਤੇ ਦੋ ਹੈਂਡ ਗ੍ਰਨੇਡ ਬਰਾਮਦ ਕੀਤੇ ਹਨ।
ਇਹ ਖੁਲਾਸਾ ਡੀਜੀਪੀ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਰਾਹੀਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਦੇ ਸਰਹੱਦੀ ਖੇਤਰ ਵਿੱਚੋਂ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਇੱਕ ਵਿਸ਼ੇਸ਼ ਕਾਰਵਾਈ ਤਹਿਤ ਦੋ ਏਕੇ47 ਰਾਈਫਲ, 16 ਕਾਰਤੂਸ, ਦੋ ਮੈਗਜ਼ੀਨ ਅਤੇ ਪੀ86 ਕਿਸਮ ਦੇ 2 ਹੈਂਡ ਗ੍ਰਨੇਡ ਇਲਾਕੇ ਦੇ ਜੰਗਲਾਤ ਖੇਤਰ ਵਿੱਚੋਂ ਬਰਾਮਦ ਕੀਤੇ ਹਨ।


ਡੀਜੀਪੀ ਨੇ ਕਿਹਾ ਕਿ ਪੁਲੀਸ ਦੀ ਇਸ ਕਾਰਵਾਈ ਨਾਲ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕਾਰਕੁਨ ਹਰਵਿੰਦਰ ਰਿੰਦਾ ਦੀ ਦਹਿਸ਼ਤੀ ਕਾਰਵਾਈ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਹਥਿਆਰਾਂ ਦੀ ਇਹ ਖੇਪ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਆਈ ਹੈ, ਜਿਸ ਨੂੰ ਪਾਕਿਸਤਾਨੀ ਏਜੰਸੀਆਂ ਅਤੇ ਹਰਵਿੰਦਰ ਰਿੰਦਾ ਵੱਲੋਂ ਪੰਜਾਬ ਵਿੱਚ ਵੱਖ ਵੱਖ ਥਾਵਾਂ ’ਤੇ ਦਹਿਸ਼ਤੀ ਕਾਰਵਾਈਆਂ ਲਈ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਹਥਿਆਰਾਂ ਦੀ ਖੇਪ ਰਿੰਦਾ ਦੇ ਹੋਰ ਸਹਿਯੋਗੀਆਂ ਕੋਲ ਪੁੱਜਣ ਤੋਂ ਪਹਿਲਾਂ ਹੀ ਏਜੀਟੀਐਫ ਨੇ ਖੁਫੀਆ ਜਾਣਕਾਰੀ ’ਤੇ ਕਾਰਵਾਈ ਤਹਿਤ ਸੰਭਾਵਿਤ ਦਹਿਸ਼ਤੀ ਕਾਰਵਾਈ ਦੀ ਯੋਜਨਾ ਨੂੰ ਅਸਫ਼ਲ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਦਹਿਸ਼ਤਗਰਦ ਤਾਕਤਾਂ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣਾ ਚਾਹੁੰਦੀਆਂ ਹਨ।


ਇਸ ਸਬੰਧ ਵਿੱਚ ਥਾਣਾ ਪੁਰਾਣਾ ਸ਼ਾਲਾ ਵਿਖੇ ਐਕਸਪਲੋਸਿਵ ਐਕਟ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਅਧੀਨ ਕੇਸ ਦਰਜ਼ ਕਰ ਲਿਆ ਗਿਆ ਹੈ। ਪੁਲੀਸ ਵੱਲੋਂ ਅਗਲੇਰੀ ਜਾਂਚ ਜਾਰੀ ਹੈ ਅਤੇ ਖੇਪ ਕਿਸ ਕੋਲ ਪੁੱਜਣੀ ਸੀ ਅਤੇ ਕਿਸ ਨੇ ਪ੍ਰਾਪਤ ਕਰਨੀ ਸੀ, ਆਦਿ ਦਾ ਪਤਾ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ।


Share & like

Leave a Reply