Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 8 ਅਪਰੈਲ
ਪੰਜਾਬ ਕਿਸਾਨ ਯੂਨੀਅਨ (ਆਈ ਕੇ ਐਮ ਐਸ) ਵੱਲੋਂ
ਅੱਜ ਫੈਜਪੁਰਾ ਰੋਡ ਸਥਿਤ ਲਿਬਰੇਸ਼ਨ ਦਫਤਰ ਵਿਖੇ
ਇਕ ਮਹੱਤਵਪੂਰਨ ਕਨਵੈਂਸ਼ਨ ਕਰਵਾਈ ਗਈ, ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਕਮੇਟੀ ਦੀ ਚੋਣ ਐਡਵੋਕੇਟ ਐੱਚ ਐੱਸ ਮੱਲੀ ਭਾਗੋਕਾਵਾਂ, ਗੁਰਿੰਦਰ ਸਿੰਘ ਖੱਦਰ ਅਤੇ ਜਰਨੈਲ ਸਿੰਘ ਸਪਰਾ ਕੋਠੀ ਦੀ ਪ੍ਰਧਾਨਗੀ ਹੇਠ ਕੀਤੀ ਗਈ।


ਇਸ ਕਨਵੈਂਸ਼ਨ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਕਰੀਬ ਪੰਜ ਦਰਜਨ ਅਹੁਦੇਦਾਰਾਂ ਨੇ ਭਾਗ ਲਿਆ। ਇਸ ਦੌਰਾਨ 17 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਹਰਵਿੰਦਰ ਸਿੰਘ ਮੱਲੀ ਆਦੀਆ ਨੂੰ ਪ੍ਰਧਾਨ ਅਤੇ ਅਸ਼ਵਨੀ ਕੁਮਾਰ ਲੱਖਣ ਕਲਾਂ ਨੂੰ ਸਕੱਤਰ ਚੁਣਿਆ ਗਿਆ।

ਦਿਲਪ੍ਰੀਤ ਸਿੰਘ ਮਾਮਲੇ ‘ਚ ਪੁਲਿਸ ‘ਤੇ ਨਿਸ਼ਾਨਾ
ਕਨਵੈਂਸ਼ਨ ਦੌਰਾਨ ਇੱਕ ਅਹਿਮ ਮਤੇ ਵਿੱਚ ਬਲਾਕ ਕਲਾਨੌਰ ਦੇ ਪਿੰਡ ਸ਼ਹੂਰ ਕਲਾਂ ਦੇ ਕਿਸਾਨ ਆਗੂ ਮੰਗਲ ਸਿੰਘ ਦੇ 21 ਸਾਲਾ ਪੁੱਤਰ ਦਿਲਪ੍ਰੀਤ ਸਿੰਘ ‘ਤੇ ਹੋਏ ਕਾਤਲਾਨਾ ਹਮਲੇ ਦਾ ਮਾਮਲਾ ਉਠਾਇਆ ਗਿਆ।
ਯੂਨੀਅਨ ਆਗੂਆਂ ਨੇ ਦੱਸਿਆ ਕਿ 16 ਜਨਵਰੀ ਨੂੰ ਗੁਰਦਾਸਪੁਰ ਬੱਸ ਅੱਡੇ ਨੇੜੇ ਹਥਿਆਰਬੰਦ ਨੌਜਵਾਨਾਂ ਵੱਲੋਂ ਕੀਤੇ ਗਏ ਹਮਲੇ ਵਿੱਚ ਦਿਲਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਸੀ ਅਤੇ ਅੱਜ ਵੀ ਬਿਸਤਰ ‘ਤੇ ਹੈ।

ਉਨ੍ਹਾਂ ਇਸ ਮਾਮਲੇ ‘ਚ ਪੁਲਿਸ ਦੀ ਕਾਰਵਾਈ ‘ਤੇ ਸਵਾਲ ਚੁੱਕਦਿਆਂ ਆਖਿਆ ਗਿਆ ਕਿ ਪੁਲਿਸ ਵੱਲੋਂ ਐਫਆਈਆਰ ਦਰਜ ਕਰਨ ਵਿੱਚ ਦੇਰੀ ਕੀਤੀ ਗਈ
ਅਤੇ ਮੁਲਾਜ਼ਮਾਂ ਦੀ ਪਛਾਣ ਵਾਲੀ ਵੀਡੀਓ ਦੇਣ ਦੇ ਬਾਵਜੂਦ ਨਾਮ ਦਰਜ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਢਾਈ ਮਹੀਨੇ ਬਾਅਦ ਵੀ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ ਹੈ।

ਕਿਸਾਨ ਯੂਨੀਅਨ ਨੇ ਮੰਗ ਕੀਤੀ ਕਿ ਦੋਸ਼ੀਆਂ ਅਤੇ ਸਾਜ਼ਿਸ਼ਕਾਰਾਂ ਦੇ ਨਾਮ ਤੁਰੰਤ ਐਫਆਈਆਰ ਵਿੱਚ ਸ਼ਾਮਲ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ।
ਇਸ ਦੇ ਨਾਲ ਹੀ ਇੱਕ ਹੋਰ ਮਤੇ ਵਿੱਚ ਹਰਵਿੰਦਰ ਸਿੰਘ ਮੱਲੀ ਨੂੰ ਪੁਲਿਸ ਵੱਲੋਂ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਕਥਿਤ ਕੋਸ਼ਿਸ਼ਾਂ ਦਾ ਵੀ ਵਿਰੋਧ ਕੀਤਾ ਗਿਆ।
ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਥਾਣਾ ਸਿਟੀ ਗੁਰਦਾਸਪੁਰ ਅਤੇ ਐਸਐਸਪੀ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ।
ਕਨਵੈਂਸ਼ਨ ਵਿੱਚ ਅੰਤਰਰਾਸ਼ਟਰੀ ਮਾਮਲਿਆਂ ‘ਤੇ ਵੀ ਵਿਚਾਰ ਕੀਤਾ ਗਿਆ। ਆਗੂਆਂ ਨੇ ਅਮਰੀਕਾ ਅਤੇ ਇਸਰਾਇਲ ਵਿਰੁੱਧ ਜੰਗ ਵਿੱਚ ਇਰਾਨ ਦੀ ਹਿੰਮਤ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਲੋਕਾਂ ਦੀ ਇਕੱਠੀ ਤਾਕਤ ਵੱਡੀਆਂ ਤਾਕਤਾਂ ਨੂੰ ਵੀ ਚੁਣੌਤੀ ਦੇ ਸਕਦੀ ਹੈ।

ਇਸ ਮੌਕੇ ਰਣਧੀਰ ਸਿੰਘ ਦੋਸਤਪੁਰ, ਮੋਹਨ ਸਿੰਘ ਗਵਾਰੇ, ਜਗਜੀਤ ਸਿੰਘ ਸ਼ੇਖ ਕਬੀਰ, ਨਰਿੰਦਰ ਸਿੰਘ ਭਾਗੋਕਾਵਾਂ, ਗੁਰਦੀਪ ਸਿੰਘ ਕਾਮਲਪੁਰ, ਰਾਜੂ ਬਟਾਲਾ, ਪ੍ਰੇਮ ਮਸੀਹ, ਸੋਨਾ, ਚੰਦਨਜੀਤ ਸਿੰਘ ਆਧੀਆਂ, ਨਿਰਮਲ ਸਿੰਘ, ਸੁੱਚਾ ਸਿੰਘ ਸ਼ੇਖ ਕਬੀਰ ਅਤੇ ਜੋਗਿੰਦਰ ਪਾਲ ਲੇਹਲ ਸਮੇਤ ਕਈ ਆਗੂ ਮੌਜੂਦ ਸਨ।


Share & like

Leave a Reply