Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 22 ਫਰਵਰੀ
ਕੌਮਾਂਤਰੀ ਮਾਂ-ਬੋਲੀ ਦਿਵਸ ਦੇ ਮੌਕੇ ‘ਤੇ ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਵੱਲੋਂ ਸ਼ਿਵਾਲਕ ਐਜੂਕੇਸ਼ਨ ਕਾਲਜ ਗੁਰਦਾਸਪੁਰ ਵਿਖੇ “ਮਾਂ-ਬੋਲੀ ਪੰਜਾਬੀ ਨੂੰ ਦਰਪੇਸ਼ ਮੁਸ਼ਕਲਾਂ ਅਤੇ ਸਮਾਧਾਨ” ਵਿਸ਼ੇ ‘ਤੇ ਵਿਚਾਰ-ਗੋਸ਼ਟੀ ਅਤੇ ਕਵੀ-ਦਰਬਾਰ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ।

ਸਮਾਗਮ ਦੀ ਅਗਵਾਈ ਜ਼ਿਲ੍ਹਾ ਸਾਹਿਤ ਕੇਂਦਰ ਦੇ ਪ੍ਰਧਾਨ ਡਾ. ਲੇਖ ਰਾਜ ਨੇ ਕੀਤੀ। ਉਨ੍ਹਾਂ ਕਿਹਾ ਕਿ ਬੱਚੇ ਦੇ ਕੰਨ ਵਿੱਚ ਪੈਂਦੀ ਪਹਿਲੀ ਆਵਾਜ਼ ਮਾਂ-ਬੋਲੀ ਦੀ ਲੋਰੀ ਹੁੰਦੀ ਹੈ ਅਤੇ ਬੋਲੀਆਂ ਜਿੰਨੀਆਂ ਮਰਜ਼ੀ ਸਿੱਖੋ ਪਰ ਮਾਂ-ਬੋਲੀ ਨੂੰ ਕਦੇ ਨਾ ਭੁੱਲੋ। ਉਨ੍ਹਾਂ ਮਾਂ-ਬੋਲੀ ਨੂੰ ਸੰਸਕਾਰਾਂ ਅਤੇ ਸੱਭਿਆਚਾਰ ਦੀ ਜੜ੍ਹ ਕਰਾਰ ਦਿੱਤਾ।
ਸੀਤਲ ਸਿੰਘ ਗੁੰਨੋਪੁਰੀ ਨੇ ਕਿਹਾ ਕਿ ਮਾਂ-ਬੋਲੀ ਸਾਨੂੰ ਜੋੜਦੀ ਅਤੇ ਮਜ਼ਬੂਤ ਬਣਾਉਂਦੀ ਹੈ। ਉਨ੍ਹਾਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬੀ ਦੇ ਕਾਇਦੇ ਛਪਵਾ ਕੇ ਲੋਕਾਂ ਵਿੱਚ ਵੰਡੇ ਜਾਂਦੇ ਸਨ ਤਾਂ ਜੋ ਲੋਕ ਆਪਣੇ ਵਿਰਸੇ ਨਾਲ ਜੁੜੇ ਰਹਿਣ। ਮੱਖਣ ਕੁਹਾੜ ਨੇ ਦੁੱਖ ਜਤਾਇਆ ਕਿ ਪੰਜਾਬੀ ਅਜੇ ਤੱਕ ਕੰਮ-ਕਾਰ ਦੀ ਭਾਸ਼ਾ ਨਹੀਂ ਬਣ ਸਕੀ।
ਇਸ ਮੌਕੇ ਪ੍ਰਬੁੱਧ ਕਹਾਣੀਕਾਰ ਮਾਸਟਰ ਲਾਲ ਸਿੰਘ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਜਨਰਲ ਸਕੱਤਰ ਮੰਗਤ ਚੰਚਲ ਵੱਲੋਂ ਕੀਤੀ ਗਈ, ਜਿਨ੍ਹਾਂ ਹਾਜ਼ਰ ਸਾਹਿਤਕਾਰਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ।
ਕਵੀ-ਦਰਬਾਰ ਦਾ ਆਗਾਜ ਅੰਜੂ ਬਾਲਾ ਵੱਲੋਂ ਵਿਰਾਸਤੀ ਰਚਨਾ “ਮਧਾਣੀਆਂ” ਪੇਸ਼ ਕਰਕੇ ਕੀਤਾ ਗਿਆ। ਇਸ ਤੋਂ ਇਲਾਵਾ ਗੁਰਦੇਵ ਸਿੰਘ ਭੁੱਲਰ, ਪ੍ਰੀਤ ਰਾਣਾ, ਸੁਭਾਸ਼ ਦੀਵਾਨਾ, ਤਰਸੇਮ ਸਿੰਘ ਭੰਗੂ, ਰੀਆ, ਪਰਮਜੀਤ ਕੌਰ, ਸੋਫੀਆ, ਕੁਲਦੀਪ ਸਿੰਘ ਘਾਂਗਲਾ, ਰਜਿੰਦਰ ਸਿੰਘ ਛੀਨਾ, ਕੁਲਜੀਤ ਸਿੰਘ ਰੰਧਾਵਾ, ਗੁਰਮੀਤ ਸਿੰਘ ਬਾਜਵਾ, ਜਨਕ ਰਾਜ ਰਾਠੌਰ, ਨਿਸ਼ਾਨ ਸਿੰਘ ਜੌੜਾਸਿੰਘਾ, ਡਾ. ਗੁਰਚਰਨ ਗਾਂਧੀ, ਬੂਟਾ ਰਾਮ ਆਜ਼ਾਦ ਅਤੇ ਹੋਰ ਸ਼ਾਇਰਾਂ ਨੇ ਆਪਣਾ ਕਲਾਮ ਪੇਸ਼ ਕੀਤਾ।
ਇਸ ਦੌਰਾਨ ਮੰਗਤ ਚੰਚਲ ਦਾ ਗ਼ਜ਼ਲ ਸੰਗ੍ਰਿਹ “ਚੁੱਪ ਦਾ ਅਨੁਵਾਦ” ਅਤੇ ਪੰਜਾਬੀ ਰਸਾਲਾ “ਸੂਹੀ ਸਵੇਰ” ਲੋਕ ਅਰਪਣ ਕੀਤੇ ਗਏ। ਸਮਾਗਮ ਦੇ ਅੰਤ ‘ਤੇ ਡਾ. ਰਜਵਿੰਦਰ ਕੌਰ ਨੇ ਪੰਜਾਬੀ ਭਾਸ਼ਾ ਨੂੰ ਘਰ-ਘਰ ਅਪਣਾਉਣ ਦੀ ਸੌਂਹ ਚੁਕਾਈ, ਜਦਕਿ ਗੁਰਮੀਤ ਬਾਜਵਾ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।

ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਸ਼ਾਮ ਸਿੰਘ ਦੀ ਅਗਵਾਈ ਹੇਠ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਸਮੂਹ ਪ੍ਰੋਗਰਾਮ ਦੀ ਲੜੀਬੱਧ ਪੇਸ਼ਕਾਰੀ ਜਨਰਲ ਸਕੱਤਰ ਮੰਗਤ ਚੰਚਲ ਵੱਲੋਂ ਬਾਖੂਬੀ ਨਿਭਾਈ ਗਈ।


Share & like

Leave a Reply