ਬੋਰਡ ਪ੍ਰੀਖਿਆਵਾਂ ਨੂੰ ਮਿਲੇਗੀ ਵੱਧ ਅਹਿਮੀਅਤ, ਸਕੂਲੀ ਪੜ੍ਹਾਈ ਵਿੱਚ ਆਉਣਗੇ ਵੱਡੇ ਬਦਲਾਅ: ਕੇਂਦਰੀ ਕਮੇਟੀ
ਰੋਜ਼ਾਨਾ ਖ਼ਬਰ
ਨਵੀਂ ਦਿੱਲੀ, 19 ਜਨਵਰੀ
ਕੋਚਿੰਗ ਸੈਂਟਰਾਂ ’ਤੇ ਵਿਦਿਆਰਥੀਆਂ ਦੀ ਵੱਧਦੀ ਨਿਰਭਰਤਾ ਨੂੰ ਘਟਾਉਣ ਲਈ ਕੇਂਦਰ ਸਰਕਾਰ ਵੱਲੋਂ ਗਠਿਤ ਇੱਕ ਉੱਚ-ਪੱਧਰੀ ਕਮੇਟੀ ਨੇ ਕਈ ਅਹਿਮ ਸੁਝਾਅ ਦਿੱਤੇ ਹਨ। ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦੀ ਅਗਵਾਈ ਹੇਠ ਬਣੀ ਇਸ ਕਮੇਟੀ ਨੇ ਸਕੂਲੀ ਸਿੱਖਿਆ ਪ੍ਰਣਾਲੀ ਵਿੱਚ ਮੂਲਭੂਤ ਬਦਲਾਅ ਕਰਨ ’ਤੇ ਜ਼ੋਰ ਦਿੱਤਾ ਹੈ।
ਕਮੇਟੀ ਦਾ ਮੰਨਣਾ ਹੈ ਕਿ 10ਵੀਂ ਤੋਂ 11ਵੀਂ ਜਮਾਤ ਵਿੱਚ ਦਾਖਲੇ ਦਾ ਸਮਾਂ ਵਿਦਿਆਰਥੀਆਂ ਲਈ ਸਭ ਤੋਂ ਵੱਧ ਤਣਾਅਪੂਰਨ ਹੁੰਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਸੁਝਾਅ ਦਿੱਤਾ ਗਿਆ ਹੈ ਕਿ ਸਕੂਲੀ ਸਿਲੇਬਸ ਨੂੰ JEE ਅਤੇ NEET ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਨਾਲ ਜੋੜਿਆ ਜਾਵੇ, ਤਾਂ ਜੋ ਵਿਦਿਆਰਥੀਆਂ ਨੂੰ ਵੱਖਰੇ ਤੌਰ ’ਤੇ ਕੋਚਿੰਗ ਲੈਣ ਦੀ ਲੋੜ ਨਾ ਪਵੇ।
ਕਮੇਟੀ ਦੇ ਮੁੱਖ ਸੁਝਾਵਾਂ ਵਿੱਚ 12ਵੀਂ ਜਮਾਤ ਦੇ ਬੋਰਡ ਨਤੀਜਿਆਂ ਨੂੰ ਕਾਲਜ ਦਾਖਲਿਆਂ ਵਿੱਚ ਵੱਧ ਵੇਟੇਜ ਦੇਣ ਦੀ ਸਿਫ਼ਾਰਸ਼ ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਕੋਚਿੰਗ ਸੈਂਟਰਾਂ ਦੇ ਘੰਟਿਆਂ ਨੂੰ ਸੀਮਤ ਕਰਨ ਅਤੇ 11ਵੀਂ ਜਮਾਤ ਤੋਂ ਹੀ ਪ੍ਰਤੀਯੋਗੀ ਟੈਸਟਾਂ ਦੀ ਤਿਆਰੀ ਸਕੂਲ ਪੱਧਰ ’ਤੇ ਸ਼ੁਰੂ ਕਰਨ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਕਮੇਟੀ ਵਿੱਚ CBSE, NTA ਅਤੇ IIT ਦੇ ਮਾਹਿਰ ਸ਼ਾਮਲ ਹਨ।
‘ਡੰਮੀ ਸਕੂਲਾਂ’ ’ਤੇ ਨਕੇਲ, ਕਰੀਅਰ ਕੌਂਸਲਿੰਗ ’ਤੇ ਜ਼ੋਰ
ਸਿੱਖਿਆ ਮੰਤਰਾਲੇ ਨੇ ‘ਡੰਮੀ ਸਕੂਲਾਂ’ ਦੇ ਵਧਦੇ ਰੁਝਾਨ ’ਤੇ ਗੰਭੀਰ ਚਿੰਤਾ ਜਤਾਈ ਹੈ, ਜਿੱਥੇ ਵਿਦਿਆਰਥੀ ਸਿਰਫ਼ ਕਾਗਜ਼ੀ ਦਾਖਲਾ ਲੈਂਦੇ ਹਨ ਅਤੇ ਅਸਲ ਵਿੱਚ ਕੋਚਿੰਗ ਸੈਂਟਰਾਂ ਵਿੱਚ ਪੜ੍ਹਦੇ ਹਨ। ਇਸ ਨੂੰ ਰੋਕਣ ਲਈ CBSE ਸਕੂਲਾਂ ਵਿੱਚ ਹੀ ‘ਰਿਮੇਡੀਅਲ ਕਲਾਸਾਂ’ ਦੀ ਵਿਵਸਥਾ ਤਿਆਰ ਕਰਨ ’ਤੇ ਵਿਚਾਰ ਕਰ ਰਹੀ ਹੈ।
ਕਮੇਟੀ ਨੇ ਇਹ ਵੀ ਦਰਸਾਇਆ ਕਿ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਚੋਟੀ ਦੇ ਸੰਸਥਾਨਾਂ ਤੋਂ ਇਲਾਵਾ ਹੋਰ ਕਰੀਅਰ ਵਿਕਲਪਾਂ ਬਾਰੇ ਜਾਣਕਾਰੀ ਦੀ ਘਾਟ ਹੈ। ਇਸ ਲਈ ਸਕੂਲਾਂ ਵਿੱਚ ਕਰੀਅਰ ਕੌਂਸਲਿੰਗ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ।
ਮਾਨਸਿਕ ਸਿਹਤ ਲਈ ਸਖ਼ਤ ਨਿਯਮ
ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਕੋਚਿੰਗ ਸੈਂਟਰਾਂ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਹੁਣ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਚਿੰਗ ਸੈਂਟਰਾਂ ਵਿੱਚ ਦਾਖਲਾ ਨਹੀਂ ਮਿਲੇਗਾ। ਇਸ ਦੇ ਨਾਲ ਹੀ ਰੈਂਕ ਜਾਂ ਚੰਗੇ ਨੰਬਰਾਂ ਦੀ ਗਰੰਟੀ ਵਰਗੇ ਭ੍ਰਮਿਤ ਕਰਨ ਵਾਲੇ ਦਾਅਵੇ ਕਰਨ ’ਤੇ ਵੀ ਪਾਬੰਦੀ ਲਗਾਈ ਗਈ ਹੈ। ਕੋਚਿੰਗ ਸੈਂਟਰਾਂ ਨੂੰ ਮਾਨਸਿਕ ਸਹਾਇਤਾ ਦਾ ਪ੍ਰਬੰਧ ਕਰਨ ਅਤੇ ਸਿਰਫ਼ ਯੋਗਤਾ ਪ੍ਰਾਪਤ ਗ੍ਰੈਜੂਏਟ ਟਿਊਟਰਾਂ ਦੀ ਨਿਯੁਕਤੀ ਲਾਜ਼ਮੀ ਕਰ ਦਿੱਤੀ ਗਈ ਹੈ।











