Share & like

ਡਾਕਖਾਨਾ ਚੌਂਕ ’ਚ ਅਮਰੀਕਾ ਦਾ ਪੁਤਲਾ ਫੂਕਿਆ, ਮਾਦੁਰੋ ਦੀ ਤੁਰੰਤ ਰਿਹਾਈ ਦੀ ਮੰਗ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 7 ਜਨਵਰੀ
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵੱਲੋਂ ਅੱਜ ਸ਼ਹੀਦ ਕਾਮਰੇਡ ਅਮਰੀਕ ਸਿੰਘ ਯਾਦਗਾਰ ਹਾਲ ਬਹਿਰਾਮਪੁਰ ਰੋਡ ਗੁਰਦਾਸਪੁਰ ਵਿਖੇ ਇਕੱਤਰ ਹੋਣ ਉਪਰੰਤ ਡਾਕਖਾਨਾ ਚੌਂਕ ਵਿੱਚ ਅਮਰੀਕੀ ਸਾਮਰਾਜਵਾਦ ਦਾ ਪੁਤਲਾ ਫੂਕ ਕੇ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਬੁਲਾਰੇ ਕਾਮਰੇਡ ਰਮੇਸ਼ ਰਾਣਾ ਨੇ ਕਿਹਾ ਕਿ ਬੀਤੇ ਦਿਨੀਂ ਅਮਰੀਕਾ ਵੱਲੋਂ ਦੱਖਣੀ ਅਮਰੀਕਾ ਦੇ ਦੇਸ਼ ਵੈਨੇਜ਼ੁਏਲਾ ਵਿੱਚ ਗੈਰਕਾਨੂੰਨੀ ਤੌਰ ’ਤੇ ਫੌਜੀ ਕਾਰਵਾਈ ਕਰਦਿਆਂ ਦੇਸ਼ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਗ੍ਰਿਫ਼ਤਾਰ ਕਰਨਾ ਕਿਸੇ ਵੀ ਖੁਦਮੁਖ਼ਤਿਆਰ ਦੇਸ਼ ਦੀ ਆਜ਼ਾਦੀ ਅਤੇ ਪ੍ਰਭੂਸੱਤਾ ਉੱਤੇ ਸਿੱਧਾ ਹਮਲਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਕਾਰਵਾਈ ਵੈਨੇਜ਼ੁਏਲਾ ਦੇ ਵੱਡੇ ਤੇਲ ਭੰਡਾਰਾਂ ਉੱਤੇ ਕਬਜ਼ਾ ਕਰਨ ਦੀ ਨੀਅਤ ਨਾਲ ਕੀਤੀ ਗਈ ਹੈ।
ਕਾਮਰੇਡ ਰਮੇਸ਼ ਰਾਣਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਅਫਗਾਨਿਸਤਾਨ ਅਤੇ ਇਰਾਕ ਵਿੱਚ ਇਸ ਤਰ੍ਹਾਂ ਦੀਆਂ ਫੌਜੀ ਕਾਰਵਾਈਆਂ ਕਰ ਚੁੱਕਾ ਹੈ। ਜਿਵੇਂ ਹੁਣ ਵੈਨੇਜ਼ੁਏਲਾ ਨੂੰ ਨਸ਼ਿਆਂ ਦਾ ਗੜ੍ਹ ਕਹਿ ਕੇ ਨਿਹੱਕੀ ਕਾਰਵਾਈ ਕੀਤੀ ਗਈ ਹੈ, ਓਸੇ ਤਰ੍ਹਾਂ ਅਫਗਾਨਿਸਤਾਨ ਅਤੇ ਇਰਾਕ ’ਤੇ ਵੀ ਪ੍ਰਮਾਣੂ ਹਥਿਆਰ ਰੱਖਣ ਦੇ ਦੋਸ਼ ਲਗਾ ਕੇ ਹਮਲੇ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਮਾਦੁਰੋ ਦੀ ਗ੍ਰਿਫ਼ਤਾਰੀ ਤੋਂ ਬਾਅਦ ਟਰੰਪ ਸਰਕਾਰ ਦੇ ਹੌਂਸਲੇ ਹੋਰ ਵੱਧ ਗਏ ਹਨ ਅਤੇ ਹੁਣ ਉਹ ਗ੍ਰੀਨਲੈਂਡ ਨੂੰ ਆਪਣੇ ਅਧੀਨ ਕਰਨ ਬਾਰੇ ਵੀ ਵਿਚਾਰ ਕਰ ਰਹੀ ਹੈ।
ਇਸ ਮੌਕੇ ਪਾਰਟੀ ਆਗੂ ਰਾਜ ਕੁਮਾਰ ਪੰਡੋਰੀ ਅਤੇ ਜੋਗਿੰਦਰਪਾਲ ਪਨਿਆੜ ਨੇ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਅਮਰੀਕਾ ਦੀ ਇਸ ਧੱਕੜ੍ਹ ਅਤੇ ਗੈਰਕਾਨੂੰਨੀ ਕਾਰਵਾਈ ਦਾ ਪੂਰੀ ਤਰ੍ਹਾਂ ਵਿਰੋਧ ਕਰਦੀ ਹੈ ਅਤੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕਰਦੀ ਹੈ। ਉਨ੍ਹਾਂ ਕਿਹਾ ਕਿ ਟਰੰਪ ਸਰਕਾਰ ਵੱਲੋਂ ਦੱਖਣੀ ਅਮਰੀਕਾ ਵਿੱਚ ਕੀਤੀਆਂ ਜਾ ਰਹੀਆਂ ਦਖ਼ਲਅੰਦਾਜ਼ੀਆਂ ਬੇਹੱਦ ਨਿੰਦਣਯੋਗ ਹਨ।

ਇਸ ਰੋਸ ਪ੍ਰਦਰਸ਼ਨ ਦੌਰਾਨ ਸੁਖਦੇਵਰਾਜ ਬਹਿਰਾਮਪੁਰ, ਜੋਗਿੰਦਰਪਾਲ ਘੁਰਾਲਾ ਸਮੇਤ ਹੋਰ ਆਗੂਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।


Share & like

Leave a Reply