ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 26 ਨਵੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂਆਂ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅੱਜ ਗੰਨਾ ਮਿੱਲ ਪਨਿਆੜ ਵਿਖੇ ਕਿਸਾਨਾਂ ਵੱਲੋਂ ਰੋਸ ਧਰਨਾ ਲਾਇਆ ਗਿਆ। ਬੀਤੇ ਦਿਨਾਂ ਮਿੱਲ ਪ੍ਰਸ਼ਾਸਨ ਵੱਲੋਂ ਕਈ ਪਰਿਵਾਰਾਂ ਦੇ ਗੰਨਾ ਬਾਂਡ ਰੱਦ ਕਰ ਦਿੱਤੇ ਗਏ ਸਨ ਅਤੇ ਦੁਬਾਰਾ ਬਾਂਡ ਜਾਰੀ ਕਰਨ ਤੋਂ ਵੀ ਮਨ੍ਹਾ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਜਬਰ ਨਾਲ ਅਜਨਾਲਾ ਮਿੱਲ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਨੇ ਕਿਸਾਨਾਂ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ।
ਇਨ੍ਹਾਂ ਮਸਲਿਆਂ ਦੇ ਹੱਲ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਖ-ਵੱਖ ਜੋਨਾਂ ਜੋਨ ਬਾਬਾ ਬੰਦਾ ਸਿੰਘ ਬਹਾਦਰ, ਜੋਨ ਬਾਬਾ ਮਸਤੂ ਜੀ, ਜੋਨ ਤੇਜਾ ਸਿੰਘ ਸੁਤੰਤਰ, ਜੋਨ ਬਾਬਾ ਸ਼੍ਰੀ ਚੰਦ ਜੀ ਆਦਿ — ਦੇ ਕਿਸਾਨ ਵੀਰਾਂ ਨੇ ਪਨਿਆੜ ਮਿੱਲ ਅੱਗੇ ਜਮ੍ਹ ਕੇ ਧਰਨਾ ਦਿੱਤਾ।
ਕਿਸਾਨਾਂ ਦੇ ਵੱਧਦੇ ਦਬਾਅ ਅਤੇ ਇਕਜੁੱਟਤਾ ਨੂੰ ਵੇਖਦਿਆਂ ਮਿੱਲ ਪ੍ਰਸ਼ਾਸਨ ਨੇ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਹਨ ਅਤੇ ਭਰੋਸਾ ਦਿੱਤਾ ਹੈ ਕਿ ਰੱਦ ਕੀਤੇ ਬਾਂਡ ਮੁੜ ਚਾਲੂ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ, ਪ੍ਰਸ਼ਾਸਨ ਨੇ ਜਲਦ ਹੀ ਮੁੜ ਮੀਟਿੰਗ ਕਰਵਾ ਕੇ ਹੋਰ ਪਿੰਡਾਂ ਨੂੰ ਵੀ ਪਨਿਆੜ ਮਿੱਲ ਨਾਲ ਜੋੜਨ ਦਾ ਭਰੋਸਾ ਦਿੱਤਾ ਹੈ।
ਧਰਨੇ ਦੌਰਾਨ ਸੂਬਾ ਆਗੂ ਹਰਵਿੰਦਰ ਸਿੰਘ ਮਸਾਨੀਆ, ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ, ਜਤਿੰਦਰ ਸਿੰਘ ਚੀਮਾ, ਸੁਖਵੰਤ ਸਿੰਘ, ਗੁਰਮੁਖ ਸਿੰਘ, ਜੋਨ ਪ੍ਰਧਾਨ ਸੁਖਜਿੰਦਰ ਸਿੰਘ ਡੇਹਰੀਵਾਲ, ਮੀਤ ਸਿੰਘ ਰੁਡਿਆਣਾ, ਦੇਸਾ ਸਿੰਘ ਰੁਡਿਆਣਾ, ਸਤਨਾਮ ਸਿੰਘ, ਅਨੂਪ ਸਿੰਘ ਸੁਲਤਾਨੀ, ਕੁਲਵੰਤ ਸਿੰਘ ਚੌੜਾ, ਗੁਰਪ੍ਰੀਤ ਸਿੰਘ ਦੋਸਤਪੁਰ, ਪ੍ਰੈਸ ਸਕੱਤਰ ਦਲੇਰ ਸਿੰਘ ਦੋਸਤਪੁਰ, ਬੀਬੀ ਮਨਜਿੰਦਰ ਕੌਰ, ਬੀਬੀ ਸੁਖਦੇਵ ਕੌਰ ਸਮੇਤ ਕਈ ਕਿਸਾਨ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮਿੱਲ ਪ੍ਰਸ਼ਾਸਨ ਆਪਣੇ ਵਾਅਦੇ ‘ਤੇ ਖਰਾ ਨਾ ਉਤਰਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।










