ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 21 ਨਵੰਬਰ
ਸੀ.ਪੀ.ਆਈ. (ਐਮ.ਐਲ.) ਨਿਊ ਡੈਮੋਕਰੇਸੀ ਵੱਲੋਂ ਆਂਧਰਾ ਪ੍ਰਦੇਸ਼ ਵਿੱਚ ਹੋ ਰਹੇ ਮੁਕਾਬਲਿਆਂ, ਆਪ੍ਰੇਸ਼ਨ ਕਗਾਰ ਅਤੇ ਆਦਿਵਾਸੀਆਂ ਨੂੰ ਉਜਾੜਨ ਦੀ ਸਾਜ਼ਿਸ਼ ਦਾ ਦੋਸ਼ ਲਾਉਂਦਿਆਂ ਨਹਿਰੂ ਪਾਰਕ ਗੁਰਦਾਸਪੁਰ ਵਿਖੇ ਰੈਲੀ ਕੀਤੀ ਗਈ। ਰੈਲੀ ਤੋਂ ਬਾਅਦ ਸ਼ਹੀਦ ਨਵਦੀਪ ਯਾਦਗਾਰ ਗੇਟ ਨੇੜੇ ਕੇਂਦਰ ਸਰਕਾਰ ਦਾ ਪੁਤਲਾ ਸਾੜ ਕੇ ਭਾਰੀ ਰੋਸ ਪ੍ਰਗਟਾਇਆ ਗਿਆ।

ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂ ਰਾਜ ਕੁਮਾਰ ਪੰਡੋਰੀ ਨੇ ਕਿਹਾ ਕਿ ਆਪ੍ਰੇਸ਼ਨ ਕਗਾਰ ਨੂੰ ਇੱਕ ਯੋਜਨਾ ਵਜੋਂ ਲਾਗੂ ਕਰ ਕੇ ਸੀ.ਪੀ.ਆਈ. (ਮਾਓਵਾਦੀ) ਦੇ ਨੇਤਾਵਾਂ ਅਤੇ ਕਾਡਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਵਿੱਚ ਵੱਡੀ ਗਿਣਤੀ ਆਦਿਵਾਸੀ ਵੀ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਨ੍ਹਾਂ ਕਾਰਵਾਈਆਂ ਦੌਰਾਨ ਸੰਵਿਧਾਨਕ ਅਤੇ ਕਾਨੂੰਨੀ ਮਾਪਦੰਡਾਂ ਦੀ ਪੂਰੀ ਤਰ੍ਹਾਂ ਉਲੰਘਣਾ ਕੀਤੀ ਹੈ।
ਉਨ੍ਹਾਂ ਕਿਹਾ ਕਿ 18 ਅਤੇ 19 ਨਵੰਬਰ ਨੂੰ ਆਂਧਰਾ ਪ੍ਰਦੇਸ਼ ਵਿੱਚ ਹੋਏ ਮੁਕਾਬਲਿਆਂ ਨੂੰ ਨਾਗਰਿਕ ਸੁਤੰਤਰਤਾ ਅਤੇ ਜਨਤੰਤਰੀ ਅਧਿਕਾਰ ਸੰਗਠਨਾਂ ਵੱਲੋਂ ਫਰਜ਼ੀ ਕਰਾਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਮਾਓਵਾਦੀ ਨੇਤਾ ਮਾਡਵਾ ਹਿਡਮਾ ਸਮੇਤ ਕਈ ਲੋਕਾਂ ਦੀ ਮੌਤ ਹੋਈ। ਸੀ.ਪੀ.ਆਈ. (ਐਮ.ਐਲ.) ਨਿਊ ਡੈਮੋਕਰੇਸੀ ਨੇ ਇਨ੍ਹਾਂ ਮੁਕਾਬਲਿਆਂ ਦੀ ਨਿਆਂਇਕ ਜਾਂਚ ਅਤੇ ਆਪ੍ਰੇਸ਼ਨ ਕਗਾਰ ਨੂੰ ਤੁਰੰਤ ਖਤਮ ਕਰਨ ਦੀ ਮੰਗ ਕੀਤੀ।
ਸੂਤਰਾਂ ਅਨੁਸਾਰ ਆਂਧਰਾ ਪ੍ਰਦੇਸ਼ ਵਿੱਚ ਵੱਡੀ ਗਿਣਤੀ ਲੋਕਾਂ ਨੂੰ ਮਾਓਵਾਦੀ ਹੋਣ ਦੇ ਸ਼ੱਕ ‘ਤੇ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਸੰਭਾਵਿਤ ਤੌਰ ‘ਤੇ ਨੇਤਾ ਟੀ. ਤਿਰੂਪਤੀ ਉਰਫ ਦੇਵੂਜੀ ਵੀ ਸ਼ਾਮਲ ਹੈ। ਪਾਰਟੀ ਨੇ ਮੰਗ ਕੀਤੀ ਕਿ ਸਾਰੇ ਗ੍ਰਿਫਤਾਰ ਸ਼ਖਸਾਂ ਨੂੰ ਤੁਰੰਤ ਅਦਾਲਤ ਵਿੱਚ ਪੇਸ਼ ਕੀਤਾ ਜਾਵੇ।
ਪੰਡੋਰੀ ਨੇ ਦੋਸ਼ ਲਗਾਇਆ ਕਿ ਆਪ੍ਰੇਸ਼ਨ ਕਗਾਰ ਦਾ ਮਕਸਦ ਆਦਿਵਾਸੀ ਖੇਤਰਾਂ ਦੀ ਖਣਿਜ ਸੰਪਦਾ ਨੂੰ ਦੇਸੀ-ਵਿਦੇਸ਼ੀ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕਰਨਾ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਕਿਸੇ ਵੀ ਆਦਿਵਾਸੀ ਨੂੰ ਜ਼ਬਰਦਸਤੀ ਉਸ ਦੇ ਘਰੋਂ ਨਾ ਉਜਾੜਿਆ ਜਾਵੇ ਅਤੇ ਵਣ ਅਧਿਕਾਰ ਐਕਟ ਅਤੇ ਪੇਸਾ ਦੇ ਪ੍ਰਾਵਧਾਨਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ।
ਸੀ.ਪੀ.ਆਈ. (ਐਮ.ਐਲ.) ਨਿਊ ਡੈਮੋਕਰੇਸੀ ਨੇ ਸ਼ਾਂਤੀਪਸੰਦ ਅਤੇ ਜਨਤੰਤਰੀ ਅਧਿਕਾਰਾਂ ਦੇ ਸਮਰਥਕ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫਰਜ਼ੀ ਮੁਕਾਬਲਿਆਂ ਅਤੇ ਦਮਨਕਾਰੀ ਨੀਤੀਆਂ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ।

ਇਸ ਮੌਕੇ ਜੋਗਿੰਦਰ ਪਾਲ ਪਨਿਆੜ, ਜੋਗਿੰਦਰ ਪਾਲ ਘੁਰਾਲਾ, ਸੁਖਦੇਵਰਾਜ ਬਹਿਰਾਮਪੁਰ, ਰੂਪ ਲਾਲ ਸਮੇਤ ਕਈ ਆਗੂਆਂ ਨੇ ਸੰਬੋਧਨ ਕੀਤਾ।










