ਅਰਵਿੰਦ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਨੇ ਕੀਤਾ ਪ੍ਰਾਜੈਕਟ ਦਾ ਸ਼ੁਭ ਆਗਾਜ਼
ਪੰਜ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਪ੍ਰਾਜੈਕਟ, ਅਗਲੇ ਸਾਲ ਨਹੀਂ ਲੱਗੇਗਾ ਇਕ ਵੀ ਪਾਵਰ ਕੱਟ: ਕੇਜਰੀਵਾਲ
ਜਲੰਧਰ, 8 ਅਕਤੂਬਰ
ਪੰਜਾਬ ਦੇ ਬਿਜਲੀ ਖੇਤਰ ਨੂੰ ਨਵੇਂ ਦੌਰ ਵਿੱਚ ਦਾਖਲ ਕਰਦਿਆਂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ‘ਰੋਸ਼ਨ ਪੰਜਾਬ ਪ੍ਰਾਜੈਕਟ’ ਦਾ ਸ਼ੁਭ ਆਗਾਜ਼ ਕੀਤਾ। ਇਸ ਇਤਿਹਾਸਕ ਪ੍ਰਾਜੈਕਟ ’ਤੇ ਪੰਜ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ ਅਤੇ ਇਸ ਦਾ ਮਕਸਦ ਪੰਜਾਬ ਨੂੰ ਦੇਸ਼ ਦਾ ਪਹਿਲਾ ਬਿਜਲੀ ਕੱਟ-ਮੁਕਤ ਸੂਬਾ ਬਣਾਉਣਾ ਹੈ।
ਸਮਾਗਮ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਨੇ ਹਾਲ ਹੀ ਵਿੱਚ ਭਿਆਨਕ ਹੜ੍ਹਾਂ ਦਾ ਸਾਹਮਣਾ ਕੀਤਾ ਹੈ ਪਰ ਪੰਜਾਬੀ ਲੋਕਾਂ ਦੀ ਹਿੰਮਤ ਅਤੇ ਇਕਜੁੱਟਤਾ ਨੇ ਹਰ ਮੁਸੀਬਤ ਦਾ ਡਟ ਕੇ ਮੁਕਾਬਲਾ ਕੀਤਾ ਹੈ। ਉਨ੍ਹਾਂ ਕਿਹਾ ਕਿ “ਰੋਸ਼ਨ ਪੰਜਾਬ” ਪ੍ਰਾਜੈਕਟ ਇਕ ਐਸੀ ਪਹਿਲ ਹੈ ਜਿਸ ਬਾਰੇ ਨਾ ਕਿਸੇ ਸੂਬੇ ਦੀ ਸਰਕਾਰ ਨੇ ਤੇ ਨਾ ਹੀ ਕੇਂਦਰ ਨੇ ਕਦੇ ਸੋਚਿਆ ਸੀ।

ਕੇਜਰੀਵਾਲ ਨੇ ਕਿਹਾ, “ਇਹ ਪ੍ਰਾਜੈਕਟ ਪੰਜਾਬ ਨੂੰ ਬਿਜਲੀ ਕੱਟਾਂ ਤੋਂ ਸਦਾ ਲਈ ਮੁਕਤ ਕਰੇਗਾ। ਅਗਲੇ ਸਾਲ ਦੀਆਂ ਗਰਮੀਆਂ ’ਚ ਪੰਜਾਬ ਵਿੱਚ ਇਕ ਵੀ ਪਾਵਰ ਕੱਟ ਨਹੀਂ ਲੱਗੇਗਾ। ਇਹ ਨਵੇਂ ਯੁੱਗ ਦੀ ਸ਼ੁਰੂਆਤ ਹੈ।”
ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ਤਹਿਤ ਟਰਾਂਸਮਿਸ਼ਨ ਅਤੇ ਵੰਡ ਨੈੱਟਵਰਕ ਨੂੰ ਪੂਰੀ ਤਰ੍ਹਾਂ ਨਵੀਂ ਤਕਨੀਕ ਨਾਲ ਤਬਦੀਲ ਕੀਤਾ ਜਾਵੇਗਾ। ਨਵੇਂ ਸਬ-ਸਟੇਸ਼ਨ, ਮਜ਼ਬੂਤ ਬਿਜਲੀ ਲਾਈਨਾਂ, ਫੀਡਰਾਂ ’ਤੇ ਲੋਡ ਘਟਾਉਣ ਤੇ ਪੁਰਾਣੀਆਂ ਤਾਰਾਂ ਬਦਲਣ ਵਰਗੇ ਵੱਡੇ ਕਦਮ ਚੁੱਕੇ ਜਾਣਗੇ।
ਕੇਜਰੀਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਪਹਿਲੀ ਵਾਰ 13 ਨਗਰ ਨਿਗਮਾਂ ਵਿੱਚ ਲੋਅ ਟੈਨਸ਼ਨ ਨੈੱਟਵਰਕ ਅਪਗ੍ਰੇਡ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ। ਪੁਰਾਣੀਆਂ ਤੇ ਢਿੱਲੀਆਂ ਤਾਰਾਂ ਹਟਾਈਆਂ ਜਾ ਰਹੀਆਂ ਹਨ, ਖੁੱਲ੍ਹੇ ਮੀਟਰ ਬਕਸੇ ਸੀਲ ਕੀਤੇ ਜਾ ਰਹੇ ਹਨ ਤੇ ਜਨਤਕ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ। ਇਹ ਪ੍ਰਾਜੈਕਟ ਪਹਿਲਾਂ ਪੱਛਮੀ ਲੁਧਿਆਣਾ ਸਬ-ਡਿਵੀਜ਼ਨ ਵਿੱਚ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਹੋਇਆ ਸੀ ਜੋ ਹੁਣ ਸਾਰੇ ਸੂਬੇ ਵਿੱਚ ਲਾਗੂ ਹੋਵੇਗਾ।
ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ਜੂਨ 2026 ਤੱਕ ਪੂਰਾ ਹੋ ਜਾਵੇਗਾ ਅਤੇ ਇਸ ਨਾਲ ਪੇਂਡੂ ਖੇਤਰਾਂ ਵਿੱਚ ਵੋਲਟੇਜ ਦੀ ਸਮੱਸਿਆ ਵੀ ਖਤਮ ਹੋਵੇਗੀ।
ਖਪਤਕਾਰਾਂ ਦੀ ਸਹੂਲਤ ਲਈ ਮੋਹਾਲੀ ਵਿੱਚ ਨਵਾਂ ਕਾਲ ਸੈਂਟਰ ਸਥਾਪਤ ਕੀਤਾ ਗਿਆ ਹੈ, ਜਿਸ ਦਾ ਹੈਲਪਲਾਈਨ ਨੰਬਰ 1912 ਹੈ। 180 ਮੈਂਬਰਾਂ ਦੀ ਟੀਮ 24 ਘੰਟੇ ਸੇਵਾ ਲਈ ਤਿਆਰ ਰਹੇਗੀ।
ਕੇਜਰੀਵਾਲ ਨੇ ਯਾਦ ਦਿਵਾਇਆ ਕਿ ਪੰਜਾਬ ਸਰਕਾਰ ਪਹਿਲਾਂ ਹੀ ਹਰ ਘਰ ਨੂੰ 600 ਯੂਨਿਟ ਮੁਫ਼ਤ ਬਿਜਲੀ ਦੇ ਰਹੀ ਹੈ ਅਤੇ ਇਸ ਕਾਰਨ 90 ਫੀਸਦੀ ਘਰਾਂ ਦੇ ਬਿੱਲ ਜ਼ੀਰੋ ਹਨ।
ਉਨ੍ਹਾਂ ਕਿਹਾ ਕਿ ਪਹਿਲੀ ਵਾਰ ਕਿਸੇ ਸਰਕਾਰ ਨੇ ਇਕ ਪ੍ਰਾਈਵੇਟ ਪਾਵਰ ਪਲਾਂਟ ਖ਼ਰੀਦਿਆ ਹੈ, ਜਿਸ ਦਾ ਨਾਮ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਮ ’ਤੇ ਰੱਖਿਆ ਗਿਆ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ “ਪਿਛਲੀਆਂ ਸਰਕਾਰਾਂ ਨੇ ਲੋਕਾਂ ਨੂੰ ਹਨੇਰੇ ਵਿੱਚ ਰੱਖਿਆ, ਪਰ ਅਸੀਂ ਸੂਬੇ ਤੋਂ ਹਰ ਕਿਸਮ ਦੇ ਹਨੇਰੇ ਨੂੰ ਖਤਮ ਕਰਨ ਦੀ ਕਸਮ ਖਾਦੀ ਹੈ। ਪਿਛਲੇ 75 ਸਾਲਾਂ ਵਿੱਚ ਪੈਦਾ ਕੀਤੀ ਗਈ ਗੰਦਗੀ ਨੂੰ ਅਸੀਂ ਸਾਢੇ ਤਿੰਨ ਸਾਲਾਂ ਵਿੱਚ ਸਾਫ਼ ਕਰ ਦਿੱਤਾ ਹੈ।”
ਉਨ੍ਹਾਂ ਕਿਹਾ ਕਿ ਜਿਹੜੇ ਵੀ ਅਮੀਰ ਤੇ ਰਸੂਖਵਾਨ ਲੋਕਾਂ ਨੇ ਸੱਤਾ ਦੀ ਦੁਰਵਰਤੋਂ ਕਰਕੇ ਲੋਕਾਂ ਦੇ ਹੱਕ ਹੜੱਪੇ ਹਨ, ਉਹ ਕਿਸੇ ਵੀ ਤਰੀਕੇ ਨਾਲ ਬਖ਼ਸ਼ੇ ਨਹੀਂ ਜਾਣਗੇ।

ਇਸ ਮੌਕੇ ਕੈਬਨਿਟ ਮੰਤਰੀ ਸੰਜੀਵ ਅਰੋੜਾ, ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਤੇ ਹੋਰ ਆਗੂ ਵੀ ਹਾਜ਼ਰ ਸਨ।










