Share & like

ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਮੁਆਵਜ਼ਾ ਤੇ ਖੇਤੀਬਾੜੀ ਸਬੰਧੀ ਮੰਗਾਂ ਨੂੰ ਲੈ ਕੇ ਜੋੜਾਂ ਛੱਤੜਾ ਵਿੱਚ ਰੋਸ ਮੁਜ਼ਾਹਰਾ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 6 ਅਕਤੂਬਰ
ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ‘ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜੋਨ ਤੇਜਾ ਸਿੰਘ ਸੁਤੰਤਰ ਵੱਲੋਂ ਅੱਜ ਕਸਬਾ ਜੋੜਾਂ ਛੱਤੜਾ ਵਿੱਚ ਭਗਵੰਤ ਮਾਨ ਤੇ ਨਰੇਂਦਰ ਮੋਦੀ ਸਰਕਾਰਾਂ ਦੇ ਪੁਤਲੇ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿੱਚ ਕਿਸਾਨ ਤੇ ਮਜ਼ਦੂਰਾਂ ਨੇ ਹਿੱਸਾ ਲਿਆ ਅਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ।

ਰੋਸ ਪ੍ਰਦਰਸ਼ਨ ਦੌਰਾਨ ਬੋਲਦੇ ਹੋਏ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਵਾਅਦੇ ਕਰਕੇ ਵੀ ਉਨ੍ਹਾਂ ਨੂੰ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ। ਉਨ੍ਹਾਂ ਨੇ ਮੰਗ ਕੀਤੀ ਕਿ ਹੜ੍ਹ ਨਾਲ ਤਬਾਹ ਹੋਏ ਖੇਤਰਾਂ ਦਾ ਤੁਰੰਤ ਮੁਆਵਜ਼ਾ ਜਾਰੀ ਕੀਤਾ ਜਾਵੇ। ਉਨ੍ਹਾਂ ਨੇ ਝੋਨੇ ਦਾ ਪ੍ਰਤੀ ਏਕੜ 70 ਹਜ਼ਾਰ ਰੁਪਏ, ਜਿਸ ਵਿਚੋਂ 10 ਫੀਸਦੀ ਖੇਤ ਮਜ਼ਦੂਰਾਂ ਲਈ ਰੱਖਿਆ ਜਾਵੇ। ਇਸ ਤੋਂ ਇਲਾਵਾ, ਪਸ਼ੂਆਂ ਤੇ ਪੋਲਟਰੀ ਫਾਰਮਾਂ, ਮਜ਼ਦੂਰਾਂ, ਦੁਕਾਨਦਾਰਾਂ ਤੇ ਘਰਾਂ ਦੇ ਨੁਕਸਾਨ ਦੀ ਭਰਪਾਈ ਤੁਰੰਤ ਕੀਤੀ ਜਾਵੇ।
ਕਮੇਟੀ ਨੇ ਇਹ ਵੀ ਮੰਗ ਕੀਤੀ ਕਿ ਕਣਕ ਦੀ ਬਿਜਾਈ ਲਈ ਤੇਲ, ਖਾਦ ਤੇ ਬੀਜ ਸਰਕਾਰ ਵੱਲੋਂ ਮੁਫ਼ਤ ਮੁਹੱਈਆ ਕਰਵਾਏ ਜਾਣ, ਜਦਕਿ ਰੇਤ ਨਾਲ ਭਰੇ ਖੇਤ ਖਾਲੀ ਕਰਵਾਏ ਜਾਣ ਅਤੇ ਕਿਸਾਨਾਂ ਨੂੰ ਰੇਤ ਕੱਢਣ ’ਤੇ ਕੋਈ ਰੋਕ-ਟੋਕ ਨਾ ਹੋਵੇ।

ਉਨ੍ਹਾਂ ਨੇ ਦੋਸ਼ ਲਾਇਆ ਕਿ ਹੜ੍ਹ ਕੁਦਰਤੀ ਨਹੀਂ ਸੀ, ਬਲਕਿ ਡੈਮਾਂ ਤੋਂ ਬੇਤਹਾਸ ਪਾਣੀ ਛੱਡਣ ਕਾਰਨ ਮੈਨਮੇਡ ਤਬਾਹੀ ਸੀ, ਜਿਸਦੀ ਨਿਰਪੱਖ ਜੁਡੀਸ਼ੀਅਲ ਕਮਿਸ਼ਨ ਜਾਂਚ ਕਰਾਈ ਜਾਵੇ। ਪਰਾਲੀ ਸਬੰਧੀ ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਠੋਸ ਹੱਲ ਨਹੀਂ ਦੇ ਸਕਦੀ ਤਾਂ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਜਾਂ 6000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ’ਤੇ ਜ਼ਬਰਦਸਤੀ ਗ੍ਰਿਫਤਾਰੀਆਂ, ਜੁਰਮਾਨੇ ਤੇ ਰੈੱਡ ਐਂਟਰੀਆਂ ਬੰਦ ਕੀਤੀਆਂ ਜਾਣ।

ਰੋਸ ਪ੍ਰਦਰਸ਼ਨ ਵਿੱਚ ਆਗੂਆਂ ਨੇ ਕਿਹਾ ਕਿ ਖੇਤੀ ਸੈਕਟਰ ਸਿਰਫ਼ 6 ਫੀਸਦੀ ਹਵਾ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ, ਜਦਕਿ 94 ਫੀਸਦੀ ਹੋਰ ਸਰੋਤਾਂ ’ਤੇ ਸਰਕਾਰ ਕਦੇ ਕਾਰਵਾਈ ਨਹੀਂ ਕਰਦੀ। ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ ਅਤੇ ਗੰਨੇ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ, ਇਹ ਵੀ ਉਨ੍ਹਾਂ ਦੀ ਮੁੱਖ ਮੰਗਾਂ ਵਿਚੋਂ ਸੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਸਰਕਾਰ ਨੂੰ ਨਰਮੇ ਤੇ ਬਾਸਮਤੀ ਦੇ ਗਿਰੇ ਹੋਏ ਰੇਟਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ।

ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ, ਸੁਖਦੇਵ ਸਿੰਘ ਅੱਲੜ ਪਿੰਡੀ, ਕਰਨੈਲ ਸਿੰਘ ਆਦੀਆਂ, ਰਣਬੀਰ ਸਿੰਘ ਡੁਗਰੀ, ਸੁੱਚਾ ਸਿੰਘ ਬਲੱਗਣ, ਕੁਲਵਿੰਦਰ ਸਿੰਘ ਜੋੜਾਂ, ਜਸਬੀਰ ਸਿੰਘ ਜੋੜਾਂ, ਨਰਿੰਦਰ ਸਿੰਘ ਆਲੀਨੰਗਲ, ਸਤਨਾਮ ਸਿੰਘ ਖਜਾਨਚੀ, ਨਿਸ਼ਾਨ ਸਿੰਘ ਬਾਉਪੁਰ, ਦਿਲਬਾਗ ਸਿੰਘ ਹਰਦੋਛੰਨੀ, ਰਸ਼ਪਾਲ ਸਿੰਘ ਡੁਗਰੀ, ਜਪਕੀਰਤ ਹੁੰਦਲ, ਦੀਦਾਰ ਸਿੰਘ ਕਾਦੀਆਂ, ਬੀਬੀ ਮਨਜਿੰਦਰ ਕੌਰ, ਬੀਬੀ ਬਲਵਿੰਦਰ ਕੌਰ ਸਮੇਤ ਕਈ ਹੋਰ ਕਿਸਾਨ ਆਗੂ ਮੌਜੂਦ ਸਨ।




Share & like

Leave a Reply