Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 30 ਸਤੰਬਰ
ਸਰਕਾਰੀ ਕਾਲਜ ਗੁਰਦਾਸਪੁਰ ਵੱਲੋਂ ਅੱਜ “ਘਰੇਲੂ ਹਿੰਸਾ ਦੇ ਖ਼ਿਲਾਫ਼ ਸੁਰੱਖਿਆ” ਵਿਸ਼ੇ ‘ਤੇ ਇੱਕ ਵਿਸ਼ਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਸਮਾਜ ਵਿੱਚ ਘਰੇਲੂ ਹਿੰਸਾ ਨੂੰ ਲੈ ਕੇ ਚਰਚਾ ਸ਼ੁਰੂ ਕਰਨੀ ਸੀ।
ਇਸ ਪ੍ਰੋਗਰਾਮ ਦੀ ਅਗਵਾਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਗੁਰਦਾਸਪੁਰ ਦੇ ਸਕੱਤਰ ਸ਼੍ਰੀ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਘਰੇਲੂ ਹਿੰਸਾ ਕੋਈ ਨਿੱਜੀ ਮਸਲਾ ਨਹੀਂ ਸਗੋਂ ਇੱਕ ਸਮਾਜਿਕ ਅਪਰਾਧ ਹੈ ਜੋ ਪਰਿਵਾਰ ਦੀ ਮਜ਼ਬੂਤੀ ਅਤੇ ਸਮਾਜ ਦੇ ਢਾਂਚੇ ਨੂੰ ਹਿਲਾ ਦਿੰਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿੱਚ ਅਜਿਹੀਆਂ ਬੁਰਾਈਆਂ ਵਿਰੁੱਧ ਜਾਗਰੂਕਤਾ ਫੈਲਾਉਣ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਹਮੇਸ਼ਾ ਅੱਗੇ ਰਹਿਣ।

ਸੈਮੀਨਾਰ ਦੌਰਾਨ ਕਾਲਜ ਵਿੱਚ ਡਿਕਲੇਮੇਸ਼ਨ, ਕਵਿਜ਼, ਡਿਬੇਟ ਅਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਆਯੋਜਿਤ ਕੀਤੇ ਗਏ। ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵੱਖ-ਵੱਖ ਵਿਸ਼ਿਆਂ ‘ਤੇ ਹੋਏ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਨੇ ਨਾ ਸਿਰਫ਼ ਆਪਣੀਆਂ ਸੋਚਾਂ ਨੂੰ ਰੱਖਿਆ ਬਲਕਿ ਸਮਾਜਿਕ ਬੁਰਾਈਆਂ ਵਿਰੁੱਧ ਅਵਾਜ਼ ਵੀ ਬੁਲੰਦ ਕੀਤੀ।
ਮੁਕਾਬਲਿਆਂ ਦੇ ਜੇਤੂਆਂ ਨੂੰ ਸ਼੍ਰੀ ਹਰਪ੍ਰੀਤ ਸਿੰਘ ਵੱਲੋਂ ਇਨਾਮ ਭੇਟ ਕੀਤੇ ਗਏ ਅਤੇ ਉਨ੍ਹਾਂ ਦਾ ਮਨੋਬਲ ਵਧਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਵਿਦਿਆਰਥੀਆਂ ਨੂੰ ਕੇਵਲ ਅਕਾਦਮਿਕ ਪੱਧਰ ‘ਤੇ ਹੀ ਨਹੀਂ ਸਗੋਂ ਸਮਾਜਿਕ ਮੁੱਦਿਆਂ ਵਿਰੁੱਧ ਵੀ ਅੱਗੇ ਆ ਕੇ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਘਰੇਲੂ ਹਿੰਸਾ ਵਰਗੀਆਂ ਬੁਰਾਈਆਂ ਦੇ ਖ਼ਿਲਾਫ਼ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਨ।

ਸੈਮੀਨਾਰ ਦੇ ਸਮਾਪਨ ‘ਤੇ ਸਭ ਨੇ ਇਹ ਸੰਕਲਪ ਲਿਆ ਕਿ ਅਸੀਂ ਇੱਕ ਅਜਿਹਾ ਸਮਾਜ ਬਣਾਵਾਂਗੇ ਜੋ ਡਰ, ਅਨਿਆਇ ਅਤੇ ਹਿੰਸਾ ਤੋਂ ਰਹਿਤ ਹੋਵੇ ਅਤੇ ਹਰ ਵਿਅਕਤੀ ਨੂੰ ਸਮਾਨ ਅਧਿਕਾਰ ਅਤੇ ਆਦਰ ਮਿਲੇ।


Share & like

Leave a Reply