ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 26 ਸਤੰਬਰ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਵੱਲੋਂ ਅੱਜ ਜ਼ਿਲਾ ਹੈਡਕੁਆਰਟਰ ਗੁਰਦਾਸਪੁਰ ਵਿੱਚ ਰੋਸ ਪ੍ਰਦਰਸ਼ਨ ਕਰਕੇ ਹੜ੍ਹ ਪੀੜਤਾਂ ਦੀਆਂ ਮੁੱਖ ਮੰਗਾਂ ਨੂੰ ਉਠਾਇਆ ਗਿਆ। ਇਸ ਸਬੰਧੀ ਮੰਗ ਪੱਤਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਰਾਹੀਂ ਪ੍ਰਧਾਨ ਮੰਤਰੀ ਭਾਰਤ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਭੇਜਿਆ ਗਿਆ।
ਮੰਗ ਪੱਤਰ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੇ ਜਾਨੀ ਤੇ ਮਾਲੀ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਦੇਣ, ਭ੍ਰਿਸ਼ਟਾਚਾਰ, ਗੈਰ-ਕਾਨੂੰਨੀ ਮਾਈਨਿੰਗ ਤੇ ਜੰਗਲਾਂ ਦੀ ਕਟਾਈ ਲਈ ਜਿੰਮੇਵਾਰ ਮੰਤਰੀਆਂ, ਵਿਧਾਇਕਾਂ ਅਤੇ ਉੱਚ ਅਧਿਕਾਰੀਆਂ ਦੀ ਪੜਤਾਲ ਕਰਕੇ ਸਜ਼ਾ ਦੇਣ ਦੀ ਮੰਗ ਕੀਤੀ ਗਈ। ਇਸਦੇ ਨਾਲ ਹੀ ਕੇਂਦਰ ਸਰਕਾਰ ਨੂੰ ਪੰਜਾਬ ਦੇ ਮੁੜ ਵਸੇਬੇ ਲਈ ਘੱਟੋ-ਘੱਟ 40 ਹਜ਼ਾਰ ਕਰੋੜ ਰੁਪਏ ਰਾਹਤ ਫੰਡ ਤੁਰੰਤ ਰਿਲੀਜ਼ ਕਰਨ ਦੀ ਮੰਗ ਰੱਖੀ ਗਈ।

ਪਾਰਟੀ ਵੱਲੋਂ ਹੜ੍ਹਾਂ ਕਰਕੇ ਜਾਨ ਗੁਆਉਣ ਵਾਲਿਆਂ ਦੇ ਵਾਰਸਾਂ ਨੂੰ 25 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ, ਹਰ ਹੜ੍ਹ ਪੀੜਤ ਪਰਿਵਾਰ ਨੂੰ ਘੱਟੋ-ਘੱਟ ਇਕ ਲੱਖ ਰੁਪਏ ਅੰਤਰਿਮ ਰਾਹਤ ਦੇਣ ਤੇ ਮਰੀਆਂ ਫਸਲਾਂ ਲਈ ਘੱਟੋ-ਘੱਟ ਇਕ ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ। ਪਾਰਟੀ ਨੇ ਸਪੱਸ਼ਟ ਕੀਤਾ ਕਿ ਕੋਈ ਵੀ ਬੇਜ਼ਮੀਨੇ, ਮਜ਼ਦੂਰ, ਛੋਟਾ ਕਿਸਾਨ, ਰੇਹੜੀ-ਫੜੀ ਵਾਲਾ ਜਾਂ ਹੋਰ ਗਰੀਬ ਕਾਰੋਬਾਰੀ ਮੁਆਵਜ਼ੇ ਤੋਂ ਵਾਂਝਾ ਨਾ ਰਹੇ।
ਇਸ ਤੋਂ ਇਲਾਵਾ ਹੜ੍ਹਾਂ ਤੇ ਬਾਰਿਸ਼ ਕਾਰਨ ਫੈਲ ਰਹੀਆਂ ਬਿਮਾਰੀਆਂ ਦੀ ਰੋਕਥਾਮ ਲਈ ਮਾਹਿਰ ਡਾਕਟਰਾਂ ਦੀ ਅਗਵਾਈ ਹੇਠ ਵੱਡੇ ਪੱਧਰ ’ਤੇ ਤਬੀਬੀ ਕੈਂਪਾਂ ਦਾ ਪ੍ਰਬੰਧ ਕਰਨ ਦੀ ਮੰਗ ਵੀ ਰੱਖੀ ਗਈ।
ਆਰ ਐਮ ਪੀ ਆਈ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਹੁਸ਼ਿਆਰਪੁਰ ਵਿੱਚ ਵਾਪਰੇ ਦਰਦਨਾਕ ਕਤਲ ਕਾਂਡ ਵਿਰੁੱਧ ਤੁਰੰਤ ਕਾਰਵਾਈ ਹੋਵੇ ਅਤੇ ਅੰਤਰ ਰਾਜੀ ਮਜ਼ਦੂਰਾਂ ਖ਼ਿਲਾਫ ਚੱਲ ਰਹੀ ਨਫ਼ਰਤੀ ਮੁਹਿੰਮ ਨੂੰ ਰੋਕਣ ਲਈ ਅਸਰਦਾਰ ਕਦਮ ਚੁੱਕੇ ਜਾਣ।
ਰੋਸ ਪ੍ਰਦਰਸ਼ਨ ਦੀ ਪ੍ਰਧਾਨਗੀ ਕਾਮਰੇਡ ਅਜੀਤ ਸਿੰਘ ਠੱਕਰਸੰਧੂ, ਜਸਵੰਤ ਸਿੰਘ ਬੁੱਟਰ ਅਤੇ ਸੁਰਜੀਤ ਸਿੰਘ ਘੁਮਾਣ ਨੇ ਕੀਤੀ। ਇਸ ਮੌਕੇ ਕਾਮਰੇਡ ਸ਼ਿਵ ਕੁਮਾਰ, ਧਿਆਨ ਸਿੰਘ ਠਾਕੁਰ, ਅਬਿਨਾਸ਼ ਸਿੰਘ, ਰਘਬੀਰ ਸਿੰਘ ਚਾਹਲ, ਹਰਜਿੰਦਰ ਸਿੰਘ ਸੋਨਾ, ਰਣਜੀਤ ਸਿੰਘ ਰਾਣਾ ਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।
ਆਗੂਆਂ ਨੇ ਦੋਸ਼ ਲਾਇਆ ਕਿ ਸਿੰਚਾਈ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਅਗਾਊਂ ਤਿਆਰੀਆਂ ਪੂਰੀ ਤਰ੍ਹਾਂ ਫੇਲ੍ਹ ਰਹੀਆਂ ਹਨ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਰਕਾਰੀ ਪੱਧਰ ’ਤੇ ਕੋਈ ਵੱਡੀ ਰਾਹਤ ਨਹੀਂ ਮਿਲੀ। ਹਾਲਾਂਕਿ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਨੇ ਵੱਡੇ ਪੱਧਰ ’ਤੇ ਮਦਦ ਕੀਤੀ ਹੈ।

ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੇਂਦਰ ਅਤੇ ਪੰਜਾਬ ਸਰਕਾਰ ਨੇ ਤੁਰੰਤ ਹੜ੍ਹ ਪੀੜਤਾਂ ਦੀ ਸਾਰ ਨਹੀਂ ਲਈ ਤਾਂ ਆਰ ਐਮ ਪੀ ਆਈ ਹੋਰ ਖੱਬੀਆਂ ਧਿਰਾਂ ਅਤੇ ਅਗਾਂਹਵਧੂ ਸੋਚ ਵਾਲੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਸਖ਼ਤ ਸੰਘਰਸ਼ ਦੀ ਸ਼ੁਰੂਆਤ ਕਰੇਗੀ।










