Share & like

ਮੁੱਖ ਮੰਤਰੀ ਦੇ ਨਾਂ 8 ਮੰਗਾਂ ਦਾ ਮੰਗ ਪੱਤਰ ਐੱਸਡੀਐੱਮ ਨੂੰ ਸੌਂਪਿਆ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਡੇਰਾ ਬਾਬਾ ਨਾਨਕ, 10 ਸਤੰਬਰ
ਜਿਲ੍ਹੇ ਦੀਆਂ ਖੱਬੀਆਂ ਪਾਰਟੀਆਂ ਆਰਐਮਪੀਆਈ, ਸੀਪੀਆਈ, ਸੀਪੀਐਮ ਅਤੇ ਸੀਪੀਆਈ(ਐਮ/ਐਲ) ਲਿਬਰੇਸ਼ਨ ਵੱਲੋਂ ਅੱਜ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਵਿੱਚ ਹੜ੍ਹ ਪੀੜਤਾਂ ਦੇ ਹੱਕ ਵਿੱਚ ਰੈਲੀ ਕੀਤੀ ਗਈ। ਰੈਲੀ ਤੋਂ ਬਾਅਦ ਆਗੂਆਂ ਵੱਲੋਂ ਮੁੱਖ ਮੰਤਰੀ ਦੇ ਨਾਂ ਐਸਡੀਐਮ ਡੇਰਾ ਬਾਬਾ ਨਾਨਕ ਨੂੰ 8 ਮੰਗਾਂ ਵਾਲਾ ਮੰਗ ਚਾਰਟਰ ਸੌਂਪਿਆ ਗਿਆ।

ਰੈਲੀ ਦੀ ਪ੍ਰਧਾਨਗੀ ਅਸ਼ਵਨੀ ਕੁਮਾਰ ਲੱਖਣ ਕਲਾਂ, ਸੁਖਦੇਵ ਸਿੰਘ ਉਦੋਵਾਲੀ, ਅਵਤਾਰ ਸਿੰਘ ਠਠਾ ਅਤੇ ਨਰਿੰਦਰ ਸਿੰਘ ਡੇਰਾ ਬਾਬਾ ਨਾਨਕ ਨੇ ਕੀਤੀ।‌ਇਸ ਮੌਕੇ ਗੁਲਜਾਰ ਸਿੰਘ ਬਸੰਤਕੋਟ, ਰਣਬੀਰ ਸਿੰਘ ਵਿਰਕ, ਸ਼ਮਸ਼ੇਰ ਸਿੰਘ ਨਵਾਂ ਪਿੰਡ ਅਤੇ ਗੁਰਮੀਤ ਸਿੰਘ ਬਖਤਪੁਰਾ ਨੇ ਬੋਲਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਐਲਾਨੇ ਗਏ ਮੁਆਵਜ਼ੇ ਨੂੰ ਅਧੂਰਾ ਅਤੇ ਨਾਕਾਫੀ ਦੱਸਿਆ।

ਆਗੂਆਂ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੋਂ ਪਹਿਲਾਂ ਦਾਅਵਾ ਠੋਕਦਾ ਸੀ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਰਕਾਰ ਆਫਤਾਂ ਤੋਂ ਪੀੜਤ ਕਿਸਾਨਾਂ ਨੂੰ ਦੇਸ ਵਿੱਚ ਸਭ ਤੋ ਵਧੇਰੇ ਪ੍ਰਤੀ ਏਕੜ 50 ਹਜ਼ਾਰ ਰੁਪਏ ਦਾ ਮੁਆਵਜਾ ਦਿੰਦੀ ਸੀ। ਉਨ੍ਹਾਂ ਕਿਹਾ ਕਿ ਹੁਣ ਜਦੋ ਭਗਵੰਤ ਮਾਨ ਦੀ ਆਪਣੀ ਪੰਜਾਬ ਵਿੱਚ ਸਰਕਾਰ ਚਲ ਰਹੀ ਹੈ ਤਾਂ ਕਿਸਾਨਾਂ ਦੀ 100 ਫੀਸਦੀ ਬਰਬਾਦ ਹੋਈ ਝੋਨੇ ਦੀ ਫਸਲ ਲਈ ਕੇਵਲ 20 ਹਜਾਰ ਰੁਪਏ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਖੇਤਰ ਵਿੱਚ ਕਰੀਬ 3000 ਏਕੜ ਗੋਭੀ ਦੀ ਫ਼ਸਲ ਬਰਬਾਦ ਹੋ ਚੁੱਕੀ ਹੈ। ਪਰ ਗੋਭੀ ਦੀ ਫਸਲ ਸਮੇਤ ਮੁਰਗੀਆਂ, ਮੱਛੀ ਧਾਰਕਾਂ ਅਤੇ ਤਰ੍ਹਾਂ ਤਰ੍ਹਾਂ ਦੀ ਪਿੰਡਾਂ ਵਿੱਚ ਦਸਤਕਾਰੀ ਕਰ ਰਹੇ ਪਰਿਵਾਰਾਂ ਲਈ ਕੁਝ ਵੀ ਐਲਾਨ ਨਹੀਂ ਕੀਤਾ ਗਿਆ ਅਤੇ ਨਾ ਹੀ ਗਰੀਬਾਂ ਦੇ ਢਹਿ ਚੁੱਕੇ ਅਤੇ ਢੈਣ ਦੀ ਹਾਲਤ ਵਿੱਚ ਖੜੇ ਮਕਾਨਾਂ ਲਈ ਸਰਕਾਰ ਨੇ ਕੋਈ ਨੀਤੀ ਐਲਾਨ ਕੀਤੀ ਹੈ।

ਆਗੂਆਂ ਐਸਡੀਐਮ ਡੇਰਾ ਬਾਬਾ ਨਾਨਕ ਨੂੰ 8 ਮੰਗਾਂ ਦੇ ਦਿੱਤੇ ਮੰਗ ਪੱਤਰ ਵਿੱਚ ਮੰਗ ਕੀਤੀ ਕਿ ਕਿਸਾਨੀ ਦੀ ਫਸਲ ਦਾ ਫੀ ਏਕੜ 70 ਹਜਾਰ ਰੁਪਏ ਮੁਆਵਜਾ ਦਿੱਤਾ ਜਾਵੇ, ਪਿੰਡਾਂ ਦੇ ਗਰੀਬ ਪਰਿਵਾਰਾਂ ਨੂੰ ਇਸ ਔਖੇ ਸਮੇ ਪਰਿਵਾਰ ਚਲਾਉਣ ਲਈ ਪ੍ਰਤੀ ਪਰਿਵਾਰ 25 ਹਜਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇ, ਜਿਨਾਂ ਕਿਸਾਨਾਂ ਦੇ ਖੇਤਾਂ ਵਿੱਚ ਰੇਤ ਜਮਾ ਹੋ ਚੁੱਕੀ ਹੈ ਉਹਨਾਂ ਕਿਸਾਨਾਂ ਨੂੰ ਪੂਰਨ ਤੌਰ ਤੇ ਰੇਤ ਦਾ ਮਾਲਕ ਐਲਾਨਿਆ ਜਾਵੇ ,ਮਰੇ ਹੋਏ ਪਸ਼ੂਆਂ ਦੇ ਮੁਆਵਜੇ ਦੀ ਰਕਮ ਤੈਅ ਕੀਤੀ ਜਾਵੇ, ਪਿੰਡਾਂ ਦੇ ਮਜ਼ਦੂਰਾਂ ਅਤੇ ਲੋੜਵੰਦ ਕਿਸਾਨਾਂ ਨੂੰ ਲਗਾਤਾਰ ਮਨਰੇਗਾ ਦਾ ਰੁਜ਼ਗਾਰ ਦਿੱਤਾ ਜਾਵੇ ।

ਖੱਬੇ ਪੱਖੀ ਆਗੂਆਂ ਨੇ ਭਾਰਤ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਲਈ ਦਿੱਤਾ ਗਿਆ 1600 ਕਰੋੜ ਰੁਪਏ ਦੇ ਰਾਹਤ ਪੈਕਜ ਨੂੰ ਰੱਦ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਅਤੇ ਧੱਕਾ ਕਰ ਰਹੀ ਅਤੇ ਇਸ ਵਿਤਕਰੇ ਦਾ ਸਿੱਟਾ ਲਾਜ਼ਮੀ ਪੰਜਾਬ ਵਿੱਚ ਵੱਖਵਾਦੀ ਤਾਕਤਾਂ ਨੂੰ ਮਜਬੂਤ ਕਰੇਗਾ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਹਾਈਡਲ ਪ੍ਰੋਜੈਕਟਾ ਅਤੇ ਦਰਿਆਵਾਂ ਦੀ ਰੱਖ ਰਖਾਅ ਲਈ 1200 ਕਰੋੜ ਰੁਪਏ ਦਿੱਤਾ ਸੀ ਤਾਂ ਇਸ ਦੇ ਮੇਹਣੇ ਮਾਰਨ ਦੀ ਬਜ਼ਾਏ ਜਾਂਚ ਕਰਵਾ ਲੈਣੀ ਚਾਹੀਦੀ ਹੈ ਕਿ ਇਹ ਪੈਸਾ ਅਸਲ ਮਕਸਦ ਲਈ ਖਰਚਿਆ ਗਿਆ ਜਾਂ ਨਹੀ।

ਇਸ ਸਮੇਂ ਰੈਲੀ ਨੂੰ ਰਾਜ ਗੁਰਵਿੰਦਰ ਸਿੰਘ ਲਾਡੀ, ਮਾਸਟਰ ਰਘਬੀਰ ਸਿੰਘ ਪਕੀਵਾ, ਕੁਲਦੀਪ ਰਾਜੂ,
ਬਲਦੇਵ ਸਿੰਘ ਖਹਿਰਾ , ਦਲਬੀਰ ਭੋਲਾ, ਦਿਲਬਾਗ ਸਿੰਘ ਡੋਗਰ ਅਤੇ ਜਨਕ ਰਾਜ ਨੇ ਵੀ ਸੰਬੋਧਨ ਕੀਤਾ।


Share & like

Leave a Reply