Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 7 ਸਤੰਬਰ
ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਅੱਜ ਸ੍ਰੀ ਗੁਰਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ. ਡਕਾਉਂਦਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵੱਖ-ਵੱਖ ਕਿਸਾਨ ਤੇ ਸਮਾਜਕ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ ਅਤੇ ਪੰਜਾਬ ਵਿੱਚ ਹੜ੍ਹ ਕਾਰਨ ਬਣੀ ਗੰਭੀਰ ਸਥਿਤੀ ’ਤੇ ਚਰਚਾ ਕੀਤੀ।

ਮੀਟਿੰਗ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਆਗੂਆਂ ਨੇ ਸਪੱਸ਼ਟ ਕਿਹਾ ਕਿ ਪੰਜਾਬ ਵਿੱਚ ਆਇਆ ਹੜ੍ਹ ਕੁਦਰਤੀ ਨਹੀਂ ਸਗੋਂ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਲਾਪਰਵਾਹੀਆਂ ਤੇ ਗਲਤੀਆਂ ਦਾ ਨਤੀਜਾ ਹੈ। ਉਹਨਾਂ ਨੇ ਦੱਸਿਆ ਕਿ ਹੜ੍ਹਾਂ ਨੇ ਪੰਜਾਬ ਦੇ ਵੱਡੇ ਹਿੱਸੇ ਵਿੱਚ ਭਾਰੀ ਨੁਕਸਾਨ ਕੀਤਾ ਹੈ, ਜਿਸ ਦੀ ਪੂਰੀ ਜ਼ਿੰਮੇਵਾਰੀ ਹਕੂਮਤਾਂ ’ਤੇ ਹੈ।

ਆਗੂਆਂ ਨੇ ਪੰਜਾਬ ਦੀ ਜਨਤਾ, ਸਮਾਜ ਸੇਵਕਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਪੀੜਤ ਲੋਕਾਂ ਨਾਲ ਹਰ ਪੱਧਰ ’ਤੇ ਵਿਖਾਈ ਗਈ ਇਕਜੁਟਤਾ ਦੀ ਸ਼ਲਾਘਾ ਕੀਤੀ। ਉਹਨਾਂ ਨੇ ਸਭ ਕਿਸਾਨ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਇਲਾਕਿਆਂ ਵਿੱਚ ਰਾਹਤ ਕਾਰਜਾਂ ਨੂੰ ਪਹਿਲ ਦੇ ਅਧਾਰ ’ਤੇ ਜਾਰੀ ਰੱਖਣ ਤਾਂ ਕਿ ਅਸਲ ਲੋੜਵੰਦ ਲੋਕਾਂ ਤੱਕ ਸਹਾਇਤਾ ਪਹੁੰਚ ਸਕੇ। ਇਸ ਸਬੰਧੀ ਐਸ.ਕੇ.ਐਮ. ਵੱਲੋਂ ਵਿਸ਼ੇਸ਼ ਟੀਮਾਂ ਬਣਾਉਣ ਦਾ ਫ਼ੈਸਲਾ ਵੀ ਲਿਆ ਗਿਆ।

ਮੀਟਿੰਗ ਵਿੱਚ ਪਾਸ ਕੀਤੀਆਂ ਮੁੱਖ ਮੰਗਾਂ:
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਪ੍ਰਬੰਧ ਪੰਜਾਬ ਸਰਕਾਰ ਨੂੰ ਸੌਂਪਿਆ ਜਾਵੇ।
ਕੇਂਦਰ ਸਰਕਾਰ ਮੁਆਵਜ਼ਾ ਦੇਣ ਦੇ ਨਿਯਮਾਂ ਵਿੱਚ ਸੋਧ ਕਰੇ ਤੇ ਖੇਤ ਨੂੰ ਇਕਾਈ ਮੰਨ ਕੇ ਮੁਆਵਜ਼ਾ ਦਿੱਤਾ ਜਾਵੇ।
ਹੜ੍ਹ ਪੀੜਤ ਕਿਸਾਨਾਂ ਨੂੰ ਘੱਟੋ-ਘੱਟ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।
ਪਸ਼ੂਧਨ ਅਤੇ ਮਕਾਨਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ।
ਦਰਿਆਵਾਂ ਦੇ ਧੁੱਸੀ ਬੰਨ ਪੱਕੇ ਅਤੇ ਉੱਚੇ ਕੀਤੇ ਜਾਣ।
ਬਰਸਾਤ ਤੋਂ ਪਹਿਲਾਂ ਨਦੀਆਂ, ਰਜਵਾਹਿਆਂ ਅਤੇ ਸੂਇਆ-ਸੱਕੀਆਂ ਦੀ ਸਫ਼ਾਈ ਕਰਨ ਦਾ ਪ੍ਰਬੰਧ ਕੀਤਾ ਜਾਵੇ।
ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰਾਂ ਵੱਲੋਂ ਇਨ੍ਹਾਂ ਮੰਗਾਂ ’ਤੇ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਕਿਸਾਨ ਮੋਰਚਾ ਵੱਡੇ ਪੱਧਰ ’ਤੇ ਸੰਗਰਾਮ ਸ਼ੁਰੂ ਕਰੇਗਾ।

ਮੀਟਿੰਗ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜ ਗੁਰਵਿੰਦਰ ਸਿੰਘ ਲਾਡੀ, ਬਚਨ ਸਿੰਘ, ਕੁਲਦੀਪ ਰਾਜ, ਬੀ.ਕੇ.ਯੂ. ਡਕਾਉਂਦਾ ਦੇ ਗੁਰਵਿੰਦਰ ਸਿੰਘ ਤੇ ਮੰਗਤ ਸਿੰਘ, ਆਲ ਇੰਡੀਆ ਕਿਸਾਨ ਸਭਾ ਦੇ ਬਲਬੀਰ ਸਿੰਘ ਕੱਤੋਵਾਲ, ਪੰਜਾਬ ਕਿਸਾਨ ਯੂਨੀਅਨ ਦੇ ਸੁਖਦੇਵ ਸਿੰਘ ਭਾਗੋਕਾਵਾਂ, ਅਸ਼ਵਨੀ ਕੁਮਾਰ ਲੱਖਣ ਕਲਾਂ, ਗੁਰਦੀਪ ਸਿੰਘ ਕਾਮਲਪੁਰ, ਜਗਜੀਤ ਸਿੰਘ ਸ਼ੇਖਬੀਰ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ, ਰਘਵੀਰ ਸਿੰਘ ਚਾਹਲ, ਮੱਖਣ ਸਿੰਘ ਤਿੱਬੜ, ਅਜੀਤ ਸਿੰਘ ਹੁੰਦਲ, ਬੀ.ਕੇ.ਯੂ. ਕ੍ਰਾਂਤੀਕਾਰੀ ਦੇ ਕੁਲਦੀਪ ਸਿੰਘ ਤੇ ਅਸ਼ੋਕ ਭਾਰਤੀ, ਆਲ ਇੰਡੀਆ ਕਿਸਾਨ ਸਭਾ ਗਰੇਵਾਲ ਦੇ ਲਖਵਿੰਦਰ ਸਿੰਘ ਮਰੜ, ਜਮੀਨ ਬਚਾਓ ਸੰਘਰਸ਼ ਕਮੇਟੀ ਦੇ ਰਜਿੰਦਰ ਸਿੰਘ ਘਰਾਲਾ, ਕਿਰਤੀ ਕਿਸਾਨ ਯੂਨੀਅਨ ਦੇ ਸਤਬੀਰ ਸਿੰਘ ਸੁਲਤਾਨੀ ਤੇ ਤਰਲੋਕ ਸਿੰਘ ਬਹਿਰਾਮਪੁਰ, ਬੀ.ਕੇ.ਯੂ. ਕਾਦੀਆਂ ਦੇ ਗੁਰਦੀਪ ਸਿੰਘ ਤੇ ਬਲਬੀਰ ਸਿੰਘ ਬੈਂਸ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਦਿਲਬਾਗ ਸਿੰਘ ਡੋਗਰ ਅਤੇ ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੇਜਰ ਸਿੰਘ ਰੋੜਾਂਵਾਲੀ ਸ਼ਾਮਲ ਸਨ।


Share & like

Leave a Reply