Share & like

ਵਿਦਿਆਰਥੀਆਂ ਨੂੰ ਕੱਢਣ ਲਈ ਰੈਸਕਿਊ ਜਾਰੀ

ਜਤਿੰਦਰ ਬੈਂਸ/ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 27 ਅਗਸਤ
ਗੁਰਦਾਸਪੁਰ ਦੇ ਜਵਾਹਰ ਨਵੋਦਯ ਵਿਦਿਆਲਿਆ (ਦਬੂੜੀ) ‘ਚ ਪਾਣੀ ਭਰ ਜਾਣ ਕਾਰਨ 400 ਦੇ ਕਰੀਬ ਵਿਦਿਆਰਥੀ ਅੰਦਰ ਫਸ ਗਏ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢਣ ਲਈ ਸੈਨਾ ਅਤੇ ਐੱਨ.ਡੀ.ਆਰ.ਐੱਫ ਦੀ ਸਹਾਇਤਾ ਨਾਲ ਰੈਸਕਿਊ ਚਲਾਇਆ ਜਾ ਰਿਹਾ ਹੈ।

ਵਿਦਿਆਰਥੀਆਂ ਦੇ ਪਾਣੀ ਵਿੱਚ ਫਸੇ ਹੋਣ ਕਾਰਨ ਮਾਪਿਆਂ ਅੰਦਰ ਸਹਿਮ ਹੈ ਆਪਣੇ ਬੱਚਿਆਂ ਘਰੀਂ ਲਿਜਾਉਣ ਲਈ ਮੌਕੇ ‘ਤੇ ਪਹੁੰਚੇ ਹੋਏ ਹਨ। ਰੈਸਕਿਊ ਟੀਮ ਵੱਲੋਂ ਵਿਦਿਆਰਥੀਆਂ ਨੂੰ ਬਾਹਰ ਕੱਢ ਕੇ ਨੇੜੇ ਹੀ ਪੈਂਦੇ ਪਿੰਡ ਕਾਲਾ ਨੰਗਲ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਇਆ ਜਾ ਰਿਹਾ ਹੈ ਜਿੱਥੋਂ ਮਾਪਿਆਂ ਨੂੰ ਸੌਂਪਿਆ ਜਾਵੇਗਾ। ਸਰਕਾਰ ਅਤੇ ਬਚਾਅ ਟੀਮਾਂ ਸਾਰੀਆਂ ਵਿਦਿਆਰਥੀਆਂ ਦੀ ਸੁਰੱਖਿਅਤ ਬਾਹਰ ਕੱਢਣ ਦੀ ਕਾਰਵਾਈ ਨੂੰ ਪਹਿਲ ਦਿੰਦੀਆਂ ਕੰਮ ਕਰ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਇਲਾਕੇ ਅੰਦਰ ਭਾਰੀ ਮੀਂਹ ਅਤੇ ਰਾਵੀ ਦਰਿਆ ਵਿਚ ਪਾਣੀ ਵੱਧਣ ਕਾਰਨ ਜ਼ਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ ਕਮ ਡਿਪਟੀ ਕਮਿਸ਼ਨਰ ਵੱਲੋਂ ਸਕੂਲਾਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸਦੇ ਬਾਵਜੂਦ ਸਕੂਲ ਨੂੰ ਖਾਲੀ ਨਹੀਂ ਕਰਵਾਉਣਾ ਵੱਡੀ ਲਾਪਰਵਾਹੀ ਵੱਜੋਂ ਵੇਖਿਆ ਜਾ ਰਿਹਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਅਣਦੇਖੀਆਂ ਦਾ ਨਤੀਜ਼ਾ ਹੈ ਕਿ ਸਕੂਲ ਵਿੱਚ ਪਾਣੀ ਦਾਖ਼ਲ ਹੋ ਗਿਆ ਜਿਸ ਨਾਲ ਬੱਚੇ ਅੰਦਰ ਹੀ ਫਸ ਗਏ। ਇਹ ਘਟਨਾ ਪ੍ਰਸ਼ਾਸਕੀ ਲਾਪਰਵਾਹੀ ਅਤੇ ਹੁਕਮਾਂ ਦੀ ਉਲੰਘਣਾ ਉੱਤੇ ਗੰਭੀਰ ਸਵਾਲ ਖੜੇ ਕਰ ਰਹੀ ਹੈ ਅਤੇ ਸਥਾਨਕ ਲੋਕਾਂ ਵੱਲੋਂ ਸਕੂਲ ਪ੍ਰਿੰਸੀਪਲ ਦੀ ਲਾਪਰਵਾਹੀ ‘ਤੇ ਸੁਆਲ ਖੜੇ ਕੀਤੇ ਜਾ ਰਹੇ ਹਨ।


Share & like

Leave a Reply