Share & like

ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜਸਵਿੰਦਰ ਭੱਲਾ ਦੇ ਗ੍ਰਹਿ ਵਿਖੇ ਪੁੱਜੇ ਮੁੱਖ ਮੰਤਰੀ

ਰੋਜ਼ਾਨਾ ਖ਼ਬਰ
ਐਸ.ਏ.ਐਸ. ਨਗਰ (ਮੁਹਾਲੀ), 22 ਅਗਸਤ
ਕਾਮੇਡੀਅਨ ਤੇ ਅਦਾਕਾਰ ਜਸਵਿੰਦਰ ਭੱਲਾ ਦੇ ਦੇਹਾਂਤ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਅੱਜ ਸ਼ਾਮ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਗ੍ਰਹਿ ਵੀ ਗਏ।

ਮੁੱਖ ਮੰਤਰੀ ਨੇ ਕਿਹਾ ਕਿ ਉੱਘੇ ਕਾਮੇਡੀਅਨ ਤੇ ਅਦਾਕਾਰ ਜਸਵਿੰਦਰ ਭੱਲਾ ਦੀ ਬੇਵਕਤੀ ਮੌਤ ਨਾਲ ਕਲਾ, ਸਾਹਿਤ, ਸੱਭਿਆਚਾਰ ਅਤੇ ਸਿਨੇਮਾ ਜਗਤ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਵੱਡਾ ਨਿੱਜੀ ਘਾਟਾ ਹੈ ਅਤੇ ਜਸਵਿੰਦਰ ਭੱਲਾ ਦੇ ਦੇਹਾਂਤ ਨਾਲ ਪੈਦਾ ਹੋਏ ਖਲਾਅ ਨੂੰ ਨੇੜ ਭਵਿੱਖ ਵਿੱਚ ਭਰਨਾ ਆਸਾਨ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਕਿ ਜਸਵਿੰਦਰ ਭੱਲਾ ਨੇ ਖ਼ਰਾਬ ਸਿਹਤ ਦੇ ਬਾਵਜੂਦ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਜਸਵਿੰਦਰ ਭੱਲਾ ਨੇ ਕਾਮੇਡੀ ਵਿੱਚ ਨਵੇਂ ਵਿਚਾਰਾਂ ਨਾਲ ਤਜਰਬਾ ਕੀਤਾ ਅਤੇ ਆਪਣੀ ਸ਼ਾਨਦਾਰ ਮੌਜੂਦਗੀ ਨਾਲ ਪੰਜਾਬੀ ਸਿਨੇਮਾ ਦੇ ਮੌਜੂਦਾ ਰੂਪਾਂ ਨੂੰ ਅਮੀਰੀ ਬਖ਼ਸ਼ੀ। ਉਨ੍ਹਾਂ ਕਿਹਾ ਕਿ ਜਸਵਿੰਦਰ ਭੱਲਾ ਨੇ ਆਪਣੇ ਆਖਰੀ ਸਾਹ ਤੱਕ ਦੁਨੀਆ ਭਰ ਵਿੱਚ ਪੰਜਾਬੀ ਕਾਮੇਡੀ, ਸਿਨੇਮਾ ਅਤੇ ਸੱਭਿਆਚਾਰ ਦਾ ਝੰਡਾ ਬੁਲੰਦ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਜਸਵਿੰਦਰ ਭੱਲਾ ਦੇਸ਼ ਭਰ ਦੇ ਉਭਰਦੇ ਕਲਾਕਾਰਾਂ ਖ਼ਾਸ ਕਰ ਕੇ ਹਾਸਰਸ ਕਲਾਕਾਰਾਂ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਕਿਹਾ ਕਿ ਆਪਣੀਆਂ ਅਣਥੱਕ ਕੋਸ਼ਿਸ਼ਾਂ ਰਾਹੀਂ ਜਸਵਿੰਦਰ ਭੱਲਾ ਨੇ ਆਪਣੀ ਸਿਹਤਮੰਦ ਕਾਮੇਡੀ ਰਾਹੀਂ ਤਣਾਅਗ੍ਰਸਤ ਮਨਾਂ ਦੀ ਉਦਾਸੀ ਦੂਰ ਕੀਤੀ, ਜਿਸ ਨਾਲ ਉਨ੍ਹਾਂ ਦਾ ਨਾਮ ਘਰ-ਘਰ ਵਿੱਚ ਮਕਬੂਲ ਹੋਇਆ। ਉਨ੍ਹਾਂ ਕਿਹਾ ਕਿ ਜਸਵਿੰਦਰ ਭੱਲਾ ਦੀ ਮੌਤ ਨਾਲ ਪੰਜਾਬੀ ਕਾਮੇਡੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ ਪਰ ਪ੍ਰਸ਼ੰਸਕਾਂ ਦੇ ਚੇਤਿਆਂ ਵਿੱਚ ਹਮੇਸ਼ਾ ਜਿਉਂਦੇ ਰਹਿਣਗੇ।


Share & like

Leave a Reply