Share & like

ਸਟੇਸ਼ਨ ਚੋਣ ਪ੍ਰਕਿਰਿਆ ਈ-ਪੰਜਾਬ ਪੋਰਟਲ ‘ਤੇ 12 ਅਗਸਤ ਤੋਂ ਹੋਵੇਗੀ ਮੁੜ ਸ਼ੁਰੂ, ਵਿਭਾਗ ਵੱਲੋਂ ਪੱਤਰ ਜਾਰੀ

ਜਤਿੰਦਰ ਬੈਂਸ/ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ

ਗੁਰਦਾਸਪੁਰ, 07 ਅਗਸਤ
ਈ-ਪੰਜਾਬ ਪੋਰਟਲ ਦੇ ਤਕਨੀਕੀ ਨੁਕਸ ਕਾਰਨ ਸਟੇਸ਼ਨ ਚੋਣ ਕਰਨ ਸਮੇਂ ਅਧਿਆਪਕਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਹਾਲ ਦੀ ਘੜੀ ਦਫ਼ਤਰ ਡਾਇਰੈਕਟਰ ਸਕੂਲ ਐਜੂਕੇਸ਼ਨ (ਐਲੀਮੈਂਟਰੀ) ਪੰਜਾਬ ਵੱਲੋਂ ਸਟੇਸ਼ਨ ਚੋਣ ਦੀ ਪ੍ਰਕਿਰਿਆ ਦੇ ਅਮਲ ਨੂੰ ਰੋਕ ਦਿੱਤਾ ਗਿਆ ਹੈ।

ਗੌਰਤਲਬ ਹੈ ਕਿ ਸਾਲ 2025 ਦੌਰਾਨ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬਦਲੀਆਂ ਕਰਾਉਣ ਦੇ ਇੱਛੁਕ ਪ੍ਰਾਇਮਰੀ ਕਾਡਰ ਦੇ ਅਧਿਆਪਕਾਂ ਵੱਲੋਂ 04 ਅਗਸਤ 2025 ਨੂੰ ਅਪਲਾਈ ਕੀਤਾ ਗਿਆ ਸੀ। ਉਪਰੰਤ ਵਿਭਾਗ ਵੱਲੋਂ ਅਧਿਆਪਕਾਂ ਦੇ ਸਟੇਸ਼ਨ ਚੋਣ ਕਰਨ ਲਈ 05 ਅਤੇ 06 ਅਗਸਤ ਲਈ ਈ-ਪੰਜਾਬ ਪੋਰਟਲ ਖੋਲ੍ਹਿਆ ਗਿਆ ਸੀ। ਲੇਕਿਨ
ਈ-ਪੰਜਾਬ ਸਟਾਫ਼ ਲੋਗਿਨ ਦਾ ਸਰਵਰ ਜ਼ਿਆਦਾ ਹੈਵੀ ਹੋਣ ਕਰਕੇ ਜਾਮ ਦੀ ਸਮੱਸਿਆਂ ਆਉਣ ਕਾਰਨ ਅਧਿਆਪਕ ਸਟੇਸ਼ਨ ਚੋਣ ਕਰਨ ਤੋਂ ਖੁੰਝਣ ਕਾਰਨ ਨਿਰਾਸ਼ ਸਨ।

ਲਿਹਾਜ਼ਾ ਰੋਜ਼ਾਨਾ ਖ਼ਬਰ ਵੱਲੋਂ ਅਧਿਆਪਕਾਂ ਦੀ ਪਰੇਸ਼ਾਨੀ ਆਪਣੇ ਆਨਲਾਈਨ ਅਖ਼ਬਾਰ ਰਾਹੀਂ ਆਲਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਸਟੇਸ਼ਨ ਚੋਣ ਕਰਨ ਦੀਆਂ ਤਰੀਕਾਂ ਵਿੱਚ ਵਾਧਾ ਕਰਨ ਦੀ ਜ਼ੋਰਦਾਰ ਮੰਗ ਕੀਤੀ ਸੀ। ਸਿੱਖਿਆ ਵਿਭਾਗ ਵੱਲੋਂ ਸਮੱਸਿਆ ਨੂੰ ਵੇਖਦਿਆਂ ਅਧਿਆਪਕਾਂ ਨੂੰ ਤੁਰੰਤ ਰਾਹਤ ਦਿੰਦਿਆਂ ਸਟੇਸ਼ਨ ਚੋਣ ਕਰਨ ਲਈ 08 ਅਗਸਤ 2025 ਤੱਕ ਦਾ ਸਮਾਂ ਵਧਾਉਣ ਦਾ ਪੱਤਰ ਜਾਰੀ ਕਰ ਦਿੱਤਾ ਸੀ।

ਲੇਕਿਨ ਈ-ਪੰਜਾਬ ਪੋਰਟਲ ਉੱਤੇ ਸਟੇਸ਼ਨ ਚੋਣ ਕਰਨ ਸਮੇਂ ਅਜੇ ਵੀ ਅਧਿਆਪਕਾਂ ਨੂੰ ਸਰਵਰ ਜਾਮ ਹੋਣ ਦੀ ਸਮੱਸਿਆ ਕਾਰਨ ਪਰੇਸ਼ਾਨੀ ਹੋ ਰਹੀ ਸੀ। ਅਜਿਹੀ ਸਥਿਤੀ ਵਿੱਚ ਦਫ਼ਤਰ ਡਾਇਰੈਕਟਰ ਸਕੂਲ ਐਜੂਕੇਸ਼ਨ (ਐਲੀਮੈਂਟਰੀ) ਪੰਜਾਬ ਵੱਲੋਂ 07 ਅਗਸਤ 2025 ਨੂੰ ਪੱਤਰ ਜਾਰੀ ਕਰਕੇ ਪ੍ਰਾਇਮਰੀ ਕਾਡਰ ਦੇ ਅਧਿਆਪਕਾਂ ਲਈ ਸਟੇਸ਼ਨ ਚੋਣ ਦੀ ਪ੍ਰਕਿਰਿਆ ਹਾਲ ਦੀ ਘੜੀ ਬੰਦ ਕਰ ਦਿੱਤੀ ਗਈ ਹੈ। ਅਧਿਆਪਕਾਂ ਨੂੰ ਰਾਹਤ ਦਿੰਦਿਆਂ ਵਿਭਾਗ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਤਕਨੀਕੀ ਸਮੱਸਿਆਵਾਂ ਦਾ ਹੱਲ ਹੋਣ ‘ਤੇ ਸਟੇਸ਼ਨ ਚੋਣ ਪ੍ਰਕਿਰਿਆ ਈ-ਪੰਜਾਬ ਪੋਰਟਲ ਉੱਤੇ 12 ਅਗਸਤ 2025 ਤੋਂ ਚਾਲੂ ਕੀਤੀ ਜਾਵੇਗੀ। ਅਜਿਹਾ ਫੈਸਲਾ ਵਿਭਾਗ ਨੇ ਅਧਿਆਪਕਾਂ ਵੱਲੋਂ ਬਦਲੀਆਂ ਲਈ ਸਟੇਸ਼ਨ ਚੋਣ ਕਰਨ ਸਮੇਂ ਆ ਰਹੀਆਂ ਸਮੱਸਿਆਵਾਂ ਅਤੇ ਪੋਰਟਲ ‘ਤੇ ਤਕਨੀਕੀ ਕਾਰਨਾ ਕਰਕੇ ਲਿਆ ਹੈ। ਅਧਿਆਪਕਾਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਰਾਹਤ ਵਜੋਂ ਸਿੱਖਿਆ ਵਿਭਾਗ ਦੇ ਫੈਸਲੇ ਕਰਨ ਅਧਿਆਪਕ ਵਰਗ ਬਾਗੋਬਾਗ ਹੈ।


Share & like

Leave a Reply