Share & like

ਮੋਟਰ ਵਹੀਕਲ ਇੰਸਪੈਕਟਰ ਸਮੇਤ ਚਾਰ ਕਾਬੂ ਤਿੰਨ ਦੀ ਭਾਲ ਜਾਰੀ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਚੰਡੀਗੜ੍ਹ, 5 ਅਗਸਤ
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਿਜ਼ਨਲ ਟਰਾਂਸਪੋਰਟ ਅਥਾਰਟੀ (ਆਰਟੀਏ) ਗੁਰਦਾਸਪੁਰ, ਸਟੇਟ ਇੰਸਟੀਚਿਊਟ ਆਫ਼ ਆਟੋਮੋਬਾਈਲ ਐਂਡ ਡਰਾਈਵਿੰਗ ਸਕਿੱਲ ਸੈਂਟਰ (ਮਹੂਆਣਾ) ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮੁਲਾਜ਼ਮਾਂ ਅਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਪ੍ਰਾਈਵੇਟ ਦਸਤਾਵੇਜ਼ ਏਜੰਟਾਂ ਵਿਚਕਾਰ ਗੰਢਤੁੱਪ ਦਾ ਪਰਦਾਫਾਸ਼ ਕਰਦਿਆਂ ਹੈਵੀ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਵਾਲੇ ਇੱਕ ਵੱਡੇ ਅਤੇ ਫਰਜ਼ੀ ਰੈਕੇਟ ਨੂੰ ਬੇਨਕਾਬ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਇਸ ਫ਼ਰਜ਼ੀਵਾੜੇ ਵਿੱਚ ਵਿਜੀਲੈਂਸ ਬਿਊਰੋ ਨੇ ਸੱਤ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ਼ ਕਰਕੇ ਜਿਨ੍ਹਾਂ ਇੱਕ ਮੋਟਰ ਵਹੀਕਲ ਇੰਸਪੈਕਟਰ (ਐਮਵੀਆਈ) ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਠਾਨਕੋਟ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਸ਼ਕਾਇਤ ‘ਤੇ ਕਾਰਵਾਈ ਕਰਦਿਆਂ ਆਰਟੀਏ (ਗੁਰਦਾਸਪੁਰ) ਵਿਖੇ ਡਾਟਾ ਐਂਟਰੀ ਆਪਰੇਟਰ ਪ੍ਰਤਿਭਾ ਸ਼ਰਮਾ ਵਿਰੁੱਧ ਜਾਂਚ ਸ਼ੁਰੂ ਕੀਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਜਾਂਚ ਦੇ ਆਧਾਰ ‘ਤੇ ਇਸ ਕੇਸ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਆਈਪੀਸੀ ਅਤੇ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਐਫਆਈਆਰ ਨੰਬਰ 32 ਮਿਤੀ 4 ਅਗਸਤ 2025 ਦਰਜ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਵਿੱਚ ਐਸਆਈਏਡੀਐਸ ਸੈਂਟਰ ਮਹੂਆਣਾ ਵੱਲੋਂ ਜਾਰੀ 51 ਡਰਾਈਵਿੰਗ ਸਿਖ਼ਲਾਈ ਸਰਟੀਫਿਕੇਟਾਂ ਵਿੱਚੋਂ 23 ਜਾਅਲੀ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਿਰਫ਼ 27 ਜਾਇਜ਼ ਸਰਟੀਫਿਕੇਟ ਨੰਬਰ ਰਿਕਾਰਡ ਵਿੱਚ ਮੌਜੂਦ ਸਨ। ਸਿਸਟਮ ਜਨਰੇਟਿਡ ਫੀਲਡ ਜਿਵੇਂ ਵਿਲੱਖਣ ਸਰਟੀਫਿਕੇਟ ਨੰਬਰ, ਕਿਊਆਰ ਕੋਡ ਅਤੇ ਰਸੀਦ ਨੰਬਰ ‘ਚ ਸ਼ਾਮਲ ਮੋਬਾਈਲ ਨੰਬਰ, ਜੋ ਕਿ ਪ੍ਰਮਾਣਿਕਤਾ ਦੇ ਮਹੱਤਵਪੂਰਨ ਮਾਪਦੰਡ ਹਨ, ਨੂੰ ਸਿਰਫ਼ ਸੰਸਥਾ ਦੇ ਮੁਲਾਜ਼ਮਾਂ ਦੁਆਰਾ ਹੀ ਬਦਲਿਆ ਜਾ ਸਕਦਾ ਸੀ। ਇਨ੍ਹਾਂ ਮਾਪਦੰਡਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਧੋਖਾਧੜੀ ਦੇ ਅਮਲ ਦਾ ਪਤਾ ਲਗਦਾ ਹੈ।

ਦੱਸਿਆ ਕਿ ਇਸ ਜਾਂਚ ਵਿੱਚ ਕੁਲਬੀਰ ਡਾਕੂਮੈਂਟਸ ਸੈਂਟਰ, ਸ਼ੈਲੀ ਡਾਕੂਮੈਂਟਸ ਸੈਂਟਰ, ਜੀਐਮਡੀ ਡਾਕੂਮੈਂਟਸ ਸੈਂਟਰ ਅਤੇ ਪੰਜਾਬ ਡਾਕੂਮੈਂਟਸ ਸਮੇਤ ਪ੍ਰਾਈਵੇਟ ਏਜੰਟਾਂ ਦੀ ਭੂਮਿਕਾ ਦਾ ਪਤਾ ਲੱਗਾ ਹੈ। ਜਿਨ੍ਹਾਂ ਕਥਿਤ ਤੌਰ ‘ਤੇ ਰਿਸ਼ਵਤ ਬਦਲੇ ਬਿਨੈਕਾਰਾਂ ਨੂੰ ਜਾਅਲੀ ਦਸਤਾਵੇਜ਼ ਦੇਣ ਵਿੱਚ ਸਹਾਇਤਾ ਕੀਤੀ। ਵਿੱਤੀ ਲੈਣ-ਦੇਣ ਤੋਂ ਪਤਾ ਲਗਾ ਕਿ ਇਨ੍ਹਾਂ ਏਜੰਟਾਂ ਵੱਲੋਂ ਸਾਬਕਾ ਆਰਟੀਏ ਡੇਟਾ ਐਂਟਰੀ ਆਪਰੇਟਰ ਰਾਕੇਸ਼ ਕੁਮਾਰ ਜੋ ਕਿ ਹੁਣ ਐਸਡੀਐਮ ਦਫ਼ਤਰ ਬਟਾਲਾ ਵਿਖੇ ਤਾਇਨਾਤ ਹੈ ਅਤੇ ਉਕਤ ਪ੍ਰਤਿਭਾ ਸ਼ਰਮਾ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਭੁਗਤਾਨ ਕੀਤੇ ਗਏ ਸਨ। ਐਸਆਈਏਡੀਐਸ ਮਹੂਆਣਾ ਵਿਖੇ ਲਾਈਟ ਮੋਟਰ ਵਹੀਕਲ (ਐਲਐਮਵੀ) ਇੰਸਟ੍ਰਕਟਰ ਅਤੇ ਜੀਆਈ ਡਰਾਈਵਿੰਗ ਇੰਚਾਰਜ, ਸੁਖਦੇਵ ਸਿੰਘ ਨੇ ਜਾਅਲੀ ਸਰਟੀਫਿਕੇਟ ਤਿਆਰ ਕਰਨ ਲਈ ਸਿਸਟਮ ਤੱਕ ਆਪਣੀ ਪਹੁੰਚ ਦੀ ਦੁਰਵਰਤੋਂ ਕਰਕੇ ਗੈਰ-ਕਾਨੂੰਨੀ ਢੰਗ ਨਾਲ ਪ੍ਰਤੀ ਸਰਟੀਫਿਕੇਟ 430 ਰੁਪਏ ਵਸੂਲ ਕੇ ਸਰਕਾਰੀ ਖਜ਼ਾਨੇ ਨੂੰ ਵਿੱਤੀ ਨੁਕਸਾਨ ਪਹੁੰਚਾਇਆ।

ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਚਾਰ ਮੁੱਖ ਮੁਲਜ਼ਮਾਂ ਗੁਰਦਾਸਪੁਰ ਦੇ ਪਿੰਡ ਮੈਦੋਵਾਲ ਕਲਾਂ ਵਾਸੀ ਅਤੇ ਐਮਵੀਆਈ ਅਤੇ ਜੀਆਈ ਡਰਾਈਵਿੰਗ ਇੰਚਾਰਜ ਐਸਆਈਏਡੀਐਸ ਸੈਂਟਰ ਸੁਖਦੇਵ ਸਿੰਘ, ਸ਼ੈਲੀ ਡਾਕੂਮੈਂਟ ਸੈਂਟਰ ਦੇ ਅਮਿਤ ਕੁਮਾਰ ਉਰਫ ਸ਼ੈਲੀ, ਪੰਜਾਬ ਡਾਕੂਮੈਂਟ ਦੇ ਜਗਪ੍ਰੀਤ ਸਿੰਘ ਅਤੇ ਰਾਕੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦੋਂ ਕਿ ਕੇਸ ਵਿੱਚ ਲੋੜੀਂਦਾ ਮੁਲਜ਼ਮ ਕੁਲਬੀਰ ਡਾਕੂਮੈਂਟ ਸੈਂਟਰ ਦੇ ਕੁਲਬੀਰ ਸਿੰਘ, ਜੀਐਮਡੀ ਡਾਕੂਮੈਂਟ ਸੈਂਟਰ ਦੇ ਰਾਕੇਸ਼ ਕੁਮਾਰ ਅਤੇ ਆਰਟੀਏ ਗੁਰਦਾਸਪੁਰ ਦੀ ਪ੍ਰਤਿਭਾ ਸ਼ਰਮਾ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਮੁਲਾਜ਼ਮਾਂ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਜਾਂਚ ਜਾਰੀ ਹੈ।




Share & like

Leave a Reply