ਸਿਹਤ ਮੰਤਰੀ ਨੇ ਕਿਹਾ ਕਿ ਅਣਗਹਿਲੀ ਬਰਦਾਸ਼ਤ ਨਹੀਂ ਕਰਾਂਗੇ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਚੰਡੀਗੜ੍ਹ, 30 ਜੁਲਾਈ
ਬੀਤੇ ਦਿਨੀਂ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਆਕਸੀਜਨ ਸਪਲਾਈ ਵਿਚ ਨੁਕਸ ਕਰਕੇ ਤਿੰਨ ਮਰੀਜ਼ਾਂ ਦੀ ਮੌਤ ਹੋ ਜਾਣ ਦੇ ਮਾਮਲੇ ਵਿਚ ਤਿੰਨ ਡਾਕਟਰਾਂ ਨੂੰ ਮੁਅੱਤਲ ਅਤੇ ਇਕ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ ਕਿਹਾ ਕਿ ਜਲੰਧਰ ਦੇ ਸਿਵਲ ਹਸਪਤਾਲ ਵਿਚ ਹੋਈਆਂ ਹਾਲੀਆ ਮੌਤਾਂ ਹਸਪਤਾਲ ਦੇ ਸੁਪਰਡੈਂਟ, ਸੀਨੀਅਰ ਮੈਡੀਕਲ ਅਧਿਕਾਰੀ (SMO) ਤੇ ਡਿਊਟੀ ’ਤੇ ਮੌਜੂਦ ਡਾਕਟਰ ਦੀ ਅਣਗਹਿਲੀ ਕਰਕੇ ਹੋਈ ਸੀ। ਉਨ੍ਹਾਂ ਕਿਹਾ ਕਿ ਅਫ਼ਸੋਸ ਹੈ ਕਿ ਅਸੀਂ ਗੰਭੀਰ ਬਿਮਾਰ ਮਰੀਜ਼ਾਂ ਦੀ ਜਾਨ ਨਹੀਂ ਬਚਾ ਸਕੇ ਹਾਂ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਆਕਸੀਜਨ ਦੇ ਚਾਰ ਸਰੋਤ ਸਨ, ਪਰ ਮਾੜੇ ਪ੍ਰਬੰਧਾਂ ਕਰਕੇ ਮਰੀਜ਼ਾਂ ਦੀ ਮੌਤ ਹੋਈ। ਉਨ੍ਹਾਂ ਕਿਹਾ ਮਾਮਲੇ ਦੀ ਜਾਂਚ ਲਈ ਕਾਇਮ ਤਕਨੀਕੀ ਕਮੇਟੀ ਨੇ ਜਾਂਚ ਰਿਪੋਰਟ ਦਾਖ਼ਲ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ.ਰਾਜ ਕੁਮਾਰ, ਐੱਸਐੱਮਓ ਡਾ.ਸੁਰਜੀਤ ਸਿੰਘ ਤੇ ਐਨਸਥੀਸੀਆ ਮਾਹਿਰ ਡਾ.ਸੁਨਾਕਸ਼ੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਦੋਂ ਕਿ ਹਾਊਸ ਸਰਜਨ ਡਾ.ਸ਼ਿਵਿੰਦਰ ਸਿੰਘ ਨੂੰ ਬਰਖ਼ਾਸਤ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਅਣਗਹਿਲੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਹੈ, ਇਸ ਲਈ ਮਿਸਾਲੀ ਸਜ਼ਾ ਦੇਣੀ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਤਫ਼ਸੀਲੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੋਰਨਾਂ ਤਿੰਨ ਡਾਕਟਰਾਂ ਨੂੰ ਵੀ ਸੇਵਾਵਾਂ ਤੋਂ ਬਰਖ਼ਾਸਤ ਕੀਤਾ ਜਾ ਸਕਦਾ ਹੈ ਤੇ ਉਨ੍ਹਾਂ ਨੂੰ ਸ਼ਾਇਦ ਸੇਵਾਮੁਕਤੀ ਲਾਭ ਵੀ ਨਾ ਮਿਲਣ।











