Share & like

ਕਲਰਕ ’ਤੇ ਖਪਤਕਾਰਾਂ ਦੇ ਖਾਤਿਆਂ ’ਚੋਂ ਕਰੋੜਾਂ ਰੁਪਏ ਕਢਾਉਣ ਦਾ ਦੋਸ਼

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਫ਼ਰੀਦਕੋਟ, 23 , ਜੁਲਾਈ
ਫ਼ਰੀਦਕੋਟ ਦੇ ਸਟੇਟ ਬੈਂਕ ਆਫ਼ ਇੰਡੀਆ ਦੀ ਸਾਦਿਕ ਬ੍ਰਾਂਚ ਵਿੱਚ ਇੱਕ ਕਲਰਕ ਵੱਲੋਂ ਬੈਂਕ ਖਾਤਾਧਾਰਕਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਲਰਕ  ਕਥਿਤ ਤੌਰ ’ਤੇ ਖਾਤਾਧਾਰਕਾਂ ਦੇ ਖਾਤਿਆਂ, ਐੱਫਡੀ ਅਤੇ ਕ੍ਰੈਡਿਟ ਸੀਮਾ ਵਿੱਚੋਂ ਕਰੋੜਾਂ ਰੁਪਏ ਕੱਢ ਕੇ ਫ਼ਰਾਰ ਹੋ ਗਿਆ। ਖਾਤਾਧਾਰਕ ਬ੍ਰਾਂਚ ਵਿੱਚ ਆਏ ਤਾਂ ਆਪਣੇ ਖਾਤੇ ਖਾਲੀ ਦੇਖ ਕੇ ਉਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਖਾਤਾਧਾਰਕਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੀ ਜੀਵਨ ਭਰ ਦੀ ਕਮਾਈ ਚਲੀ ਗਈ ਹੈ।

ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਖਾਤਾਧਾਰਕਾਂ ਨੇ ਆਪਣੇ ਖਾਤਿਆਂ ਵਿੱਚੋਂ ਅਣਅਧਿਕਾਰਤ ਨਿਕਾਸੀ ਦੇਖੀ। ਬੈਂਕ ਅਧਿਕਾਰੀਆਂ ਦੇ ਜਾਂਚ ਕਰਨ ’ਤੇ ਸਾਹਮਣੇ ਕਿ ਕਈ ਲੋਕਾਂ ਦੇ ਖਾਤਿਆਂ ਵਿੱਚੋਂ ਵੱਡੀ ਰਕਮ ਗਾਇਬ ਸੀ। ਸ਼ੁਰੂਆਤੀ ਸ਼ੱਕ ਬੈਂਕ ਦੇ ਇੱਕ ਕਲਰਕ ’ਤੇ ਪਿਆ, ਜੋ ਹੁਣ ਫ਼ਰਾਰ ਹੈ।
ਕਈ ਖਾਤਾਧਾਰਕਾਂ ਨੇ ਪਾਇਆ ਕਿ ਉਨ੍ਹਾਂ ਦੇ ਫਿਕਸਡ ਡਿਪਾਜ਼ਿਟ ਸਮੇਂ ਤੋਂ ਪਹਿਲਾਂ ਬੰਦ ਕਰ ਦਿੱਤੇ ਗਏ, ਨਾਮਜ਼ਦ ਵਿਅਕਤੀਆਂ ਦੇ ਵੇਰਵੇ ਬਦਲ ਦਿੱਤੇ ਗਏ ਸਨ ਅਤੇ ਫੰਡਾਂ ਨੂੰ ਹੋਰ ਖਾਤਿਆਂ ਵਿਚ ਭੇਜ ਦਿੱਤਾ ਗਿਆ ਸੀ। ਇੱਕ ਪੀੜਤਾ ਪਰਮਜੀਤ ਕੌਰ ਨੇ ਦਾਅਵਾ ਕੀਤਾ ਕਿ ਉਸਦੀ 22 ਲੱਖ ਰੁਪਏ ਦੀ ਸੰਯੁਕਤ FD ਧੋਖਾਧੜੀ ਨਾਲ ਕਢਵਾਈ ਗਈ ਹੈ। ਇੱਕ ਵਿਅਕਤੀ ਸੰਦੀਪ ਸਿੰਘ ਨੇ ਦੱਸਿਆ ਕਿ ਉਸਦੀਆਂ ਚਾਰ ਐੱਫਡੀ’ਜ਼ 4-4 ਲੱਖ ਤੋਂ ਘਟ ਕੇ ਸਿਰਫ ₹50,000 ਰਹਿ ਗਈਆਂ ਸਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਲਗਪਗ 5 ਕਰੋੜ ਰੁਪਏ ਦੀ ਧੋਖਾਧੜੀ ਦਾ ਖੁਲਾਸਾ ਹੋਇਆ ਹੈ। ਬ੍ਰਾਂਚ ਅਧਿਕਾਰੀਆਂ ਨੇ ਖਾਤਾਧਾਰਕਾਂ ਨੂੰ ਭਰੋਸਾ ਦਿੱਤਾ ਕਿ ਪ੍ਰਭਾਵਿਤ ਖਾਤਿਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਫੰਡ ਬਹਾਲ ਕੀਤੇ ਜਾਣਗੇ। ਬੈਂਕ ਦੇ ਫੀਲਡ ਅਫ਼ਸਰ ਸੁਸ਼ਾਂਤ ਅਰੋੜਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਜੁਆਇਨ ਕੀਤਾ ਹੈ। ਲੋਕਾਂ ਵੱਲੋਂ ਸੰਪਰਕ ਕਰਨ ’ਤੇ ਅੱਜ ਹੀ ਉਨ੍ਹਾਂ ਨੂੰ ਇਸ ਧੋਖਾਧੜੀ ਬਾਰੇ ਪਤਾ ਲੱਗਾ ਹੈ। ਥਾਣਾ ਸਾਦਿਕ ਦੇ ਇੰਚਾਰਜ ਨਵਦੀਪ ਭੱਟੀ ਨੇ ਦੱਸਿਆ ਕਿ ਬੈਂਕ ਦੇ ਇੱਕ ਕਲਰਕ ਦੇ ਖ਼ਿਲਾਫ਼ ਧੋਖਾਧੜੀ ਦੀਆਂ ਚਾਰ ਸ਼ਕਾਇਤਾਂ ਮਿਲਣ ਬਾਅਦ ਕੇਸ ਦਰਜ਼ ਕਰ ਲਿਆ ਹੈ।


Share & like

Leave a Reply