Share & like

ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਦੌਰਾਨ ਪਟਿਆਲਾ ਡਿਵੀਜ਼ਨ ਜੀਐਸਟੀ ਵਾਧੇ ਤੇ ਲੁਧਿਆਣਾ ਡਿਵੀਜ਼ਨ ਮਾਲੀਆ ਪ੍ਰਾਪਤੀ ‘ਚ ਮੋਹਰੀ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਚੰਡੀਗੜ੍ਹ, 18 ਜੁਲਾਈ
ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਦੌਰਾਨ ਪਟਿਆਲਾ ਜੀਐਸਟੀ ਡਿਵੀਜ਼ਨ ਜੀਐਸਟੀ ਮਾਲੀਆ ਪ੍ਰਾਪਤੀ ਵਿੱਚ 40 ਫੀਸਦੀ ਦਾ ਪ੍ਰਭਾਵਸ਼ਾਲੀ ਵਾਧਾ ਦਰਜ ਕਰਦਿਆਂ ਪੰਜਾਬ ਦੀਆਂ ਬਾਕੀ ਸਾਰੀਆਂ ਡਿਵੀਜ਼ਨਾਂ ਤੋਂ ਮੋਹਰੀ ਰਹੀ ਹੈ। ਇਹ ਖੁਲਾਸਾ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ ਆਬਕਾਰੀ ਤੇ ਕਰ ਵਿਭਾਗ ਦੀ ਤਿਮਾਹੀ ਸਮੀਖਿਆ ਮੀਟਿੰਗ ਦੌਰਾਨ ਕੀਤਾ ਗਿਆ।

ਪਟਿਆਲਾ ਡਿਵੀਜ਼ਨ ਤੋਂ ਬਾਅਦ ਰੋਪੜ ਡਿਵੀਜ਼ਨ ਦੀ ਵਾਧਾ ਦਰ 34.97 ਫੀਸਦੀ ਅਤੇ ਅੰਮ੍ਰਿਤਸਰ ਡਿਵੀਜ਼ਨ 30.26 ਫੀਸਦੀ ‘ਤੇ ਰਹੀ। ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੱਥ ਪਾਉਂਦਿਆਂ ਆਪਣੇ ਆਬਕਾਰੀ ਮਾਲੀਆ ਟੀਚਿਆਂ ਨੂੰ ਵੀ ਸਫਲਤਾਪੂਰਵਕ ਪੂਰਾ ਕੀਤਾ ਗਿਆ।
ਜਿੱਥੇ ਪਟਿਆਲਾ ਡਿਵੀਜ਼ਨ ਨੇ ਵਾਧਾ ਦਰ ਵਿੱਚ ਅਗਵਾਈ ਕੀਤੀ, ਉੱਥੇ ਲੁਧਿਆਣਾ ਡਿਵੀਜ਼ਨ ਨੇ ਸੂਬੇ ਭਰ ਵਿੱਚ ਸਭ ਤੋਂ ਵੱਧ ਕੁੱਲ ਜੀਐਸਟੀ ਮਾਲੀਆ ਦਰਜ ਕੀਤਾ, ਜੋ ਕਿ ਵਿੱਤੀ ਸਾਲ 2024-25 ਦੀ ਇਸੇ ਮਿਆਦ ਦੇ ਮੁਕਾਬਲੇ 23.89 ਫੀਸਦੀ ਦਾ ਮਹੱਤਵਪੂਰਨ ਵਾਧਾ ਦਰਜ਼ ਕਰਦਿਆਂ 1998.76 ਕਰੋੜ ਰੁਪਏ ਰਿਹਾ। ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਵਿੱਚ ਰੋਪੜ ਡਿਵੀਜ਼ਨ ਨੇ 1315.66 ਕਰੋੜ ਰੁਪਏ, ਅੰਮ੍ਰਿਤਸਰ ਡਿਵੀਜ਼ਨ ਨੇ 687.19 ਕਰੋੜ ਰੁਪਏ, ਅਤੇ ਪਟਿਆਲਾ ਡਿਵੀਜ਼ਨ ਨੇ 679 ਕਰੋੜ ਰੁਪਏ ਜੀਐਸਟੀ ਮਾਲੀਆ ਵਜੋਂ ਪ੍ਰਾਪਤ ਕੀਤੇ। ਇਹ ਅੰਕੜੇ ਪਿਛਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਤੋਂ ਕਾਫ਼ੀ ਵਾਧੇ ਨੂੰ ਦਰਸਾਉਂਦੇ ਹਨ, ਜਿੱਥੇ ਲੁਧਿਆਣਾ ਡਿਵੀਜ਼ਨ ਨੇ 1613 ਕਰੋੜ ਰੁਪਏ, ਰੋਪੜ ਡਿਵੀਜ਼ਨ ਨੇ 975.53 ਕਰੋੜ ਰੁਪਏ, ਅੰਮ੍ਰਿਤਸਰ ਡਿਵੀਜ਼ਨ ਨੇ 527.54 ਕਰੋੜ ਰੁਪਏ, ਅਤੇ ਪਟਿਆਲਾ ਡਿਵੀਜ਼ਨ ਨੇ 484.98 ਕਰੋੜ ਰੁਪਏ ਜੀਐਸਟੀ ਮਾਲੀਆ ਵਜੋਂ ਪ੍ਰਾਪਤ ਕੀਤੇ ਸਨ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਡਿਵੀਜ਼ਨਾਂ ਵਿਖੇ ਤਾਇਨਾਤ ਵਿਭਾਗ ਦੀਆਂ ਟੀਮਾਂ ਦੇ ਲਗਨ ਦੀ ਭਰਪੂਰ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਹੋਰ ਡਿਵੀਜ਼ਨਾਂ ਨੂੰ ਉਨ੍ਹਾਂ ਤੋਂ ਸੇਧ ਲੈਣ ਲਈ ਉਤਸ਼ਾਹਿਤ ਕੀਤਾ। ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਜੀਐਸਟੀ ਅਤੇ ਵੈਟ ਬਕਾਇਆ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦੀ ਵਸੂਲੀ ਲਈ ਨਵੀਨਤਾਕਾਰੀ ਰਣਨੀਤੀਆਂ ਅਪਣਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਚੱਲ ਰਹੀਆਂ ਜੀਐਸਟੀ ਜਾਂਚਾਂ ਦੀ ਪ੍ਰਗਤੀ ਦਾ ਵੀ ਮੁਲਾਂਕਣ ਕੀਤਾ, ਜਿਸ ਵਿੱਚ ਪਹਿਲੀ ਤਿਮਾਹੀ ਦੌਰਾਨ ਕੀਤੀਆਂ ਗਈਆਂ ਜਾਂਚਾਂ ਦੀ ਗਿਣਤੀ ਅਤੇ ਨਿਪਟਾਏ ਗਏ ਕੇਸ ਸ਼ਾਮਲ ਸਨ। ਉਨ੍ਹਾਂ ਵਿਭਾਗ ਨੂੰ ਸਾਰੇ ਲੰਬਿਤ ਕੇਸਾਂ ਦੇ ਸਮੇਂ ਸਿਰ ਨਿਪਟਾਰੇ ਲਈ ਨਿਰਦੇਸ਼ ਜਾਰੀ ਕੀਤੇ।


Share & like

Leave a Reply