Share & like

ਗੁਰਦਾਸਪੁਰ, 10 ਜੁਲਾਈ (ਬੈਂਸ/ਰੋਜ਼ਾਨਾ ਖ਼ਬਰ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਜੋਨ ਬਾਬਾ ਮਸਤੂ ਜੀ ਦੀ ਇਕੱਤਰਤਾ ਸਕੱਤਰ ਕੁਲਜੀਤ ਸਿੰਘ ਹਯਾਤ ਨਗਰ ਅਤੇ ਸੋਹਣ ਸਿੰਘ ਗਿੱਲ ਦੀ ਅਗਵਾਈ ਹੇਠ ਪਿੰਡ ਤੁੰਗ ਵਿਖੇ ਹੋਈ।ਜਿਸ ਵਿੱਚ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।
ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰਿਆਂ ‘ਤੇ ਕਿਸਾਨਾਂ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਭਾਰਤ ਮਾਲਾ ਪ੍ਰੋਜੈਕਟ ਅਧੀਨ ਆ ਰਹੀਆਂ ਜਮੀਨਾਂ ‘ਤੇ ਬਿਨਾਂ ਪੈਸੇ ਦਿੱਤਿਆਂ ਗੁਰਦਾਸਪੁਰ ਵਿੱਚ ਲੋਕਾਂ ਦੀਆਂ ਜਮੀਨਾਂ ‘ਤੇ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਪਿੰਡ ਨੰਗਲ ਝੋਰ ਵਿਖੇ ਕਿਸਾਨਾਂ ਦੀਆਂ ਜਮੀਨਾਂ ਤੇ ਕਬਜ਼ਾ ਕਰਨ ਆਏ ਪ੍ਰਸ਼ਾਸਨ ਨੂੰ ਰੋਕਣ ਲਈ ਕਿਸਾਨਾਂ ਵਿੱਚ ਝੜਪ ਹੋਈ । ਜਿਸ ਵਿੱਚ ਬਜ਼ੁਰਗ ਆਗੂ ਲਖਵਿੰਦਰ ਸਿੰਘ ਵਾਸੀ ਪਿੰਡ ਰੰਗੜ ਨੰਗਲ ਗੰਭੀਰ ਜ਼ਖਮੀ ਹੋ ਗਿਆ ਸੀ। ਜਿਸ ਕਾਰਨ ਪਹਿਲਾਂ ਉਨ੍ਹਾਂ ਨੂੰ ਬਟਾਲਾ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਬਾਅਦ ਵਿੱਚ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਬਦਕਿਸਮਤੀ ਹੈ ਕਿ ਆਪਣੇ ਹੀ ਖੇਤਾਂ ਵਿੱਚ ਪ੍ਰਸ਼ਾਸਨ ਵੱਲੋਂ ਕੁੱਟਿਆ ਮਾਰਿਆ ਜਾ ਰਿਹਾ ਹੈ ਅਤੇ ਭੂਮੀ ਐਕਟ 2013 ਨੂੰ ਛਿੱਕੇ ਤੇ ਟੰਗ ਕੇ ਲੋਕਾਂ ਦੀਆਂ ਜਮੀਨਾਂ ‘ਤੇ ਕਬਜ਼ਾ ਕਰਾਇਆ ਜਾ ਰਿਹਾ ਹੈ।

ਕਮੇਟੀ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਪਾ ਕੇ ਕਬਜ਼ਾ ਲੈਣ ਦਾ ਭਰੋਸਾ ਦਿੱਤਾ ਸੀ ਪਰ ਪ੍ਰਸ਼ਾਸਨ ਆਪਣੇ ਵਾਅਦਿਆਂ ਤੋਂ ਧੱਕੇ ਨਾਲ ਕਬਜ਼ੇ ਕਰ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸੇ ਕੀਮਤ ‘ਤੇ ਕਿਸਾਨਾਂ ਦੀਆਂ ਜਮੀਨਾਂ ‘ਤੇ ਧੱਕੇ ਨਾਲ ਕਬਜ਼ੇ ਨਹੀਂ ਹੋਣ ਦੇਣਗੇ। ਇਸ ਮੌਕੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਤਿੰਦਰ ਸਿੰਘ ਚੀਮਾ, ਗੁਰਪ੍ਰੀਤ ਸਿੰਘ ਕਾਲਾ ਨੰਗਲ, ਡਾਕਟਰ ਸੁਖਵਿੰਦਰ ਸਿੰਘ, ਸਤਿੰਦਰ ਪਾਲ ਸਿੰਘ ਤੂੰਗ, ਅਮਰੀਕ ਸਿੰਘ, ਵੱਸਣ ਸਿੰਘ ਪੀਰ ਬਾਗ਼, ਦਲਬੀਰ ਸਿੰਘ ਠੂੰਡੀ, ਮਹਿੰਦਰ ਸਿੰਘ ਥੰਮਣ, ਬੀਬੀ ਰਮਨਦੀਪ ਕੌਰ ਬੀਬੀ ਲਵਲੀ ਪ੍ਰਤੀ ਕੌਰ ਆਦਿ ਆਗੂ ਹਾਜ਼ਰ ਸਨ।


Share & like

Leave a Reply