ਜਤਿੰਦਰ ਬੈਂਸ
ਬਟਾਲਾ, 24 ਜੂਨ
ਬਟਾਲਾ ਦੇ ਥਾਣਾ ਸੇਖਵਾਂ ਅਧੀਨ ਪੈਂਦੇ ਪਿੰਡ ਮੁੰਡੀ ਕਰਾਲ ਵਿੱਚ ਜ਼ਮੀਨੀ ਵਿਵਾਦ ਦੇ ਚਲਦਿਆਂ ਦੇਰ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿਸ ਨੇ ਪੂਰੇ ਇਲਾਕੇ ਨੂੰ ਸਦਮੇ ਵਿੱਚ ਪਾ ਦਿੱਤਾ। ਮੁੱਢਲੀ ਜਾਣਕਾਰੀ ਅਨੁਸਾਰ ਨੌਜਵਾਨ ਮਨਜੋਤ ਸਿੰਘ ਨੇ ਆਪਣੀ ਸਕੀ ਚਾਚੀ ਹਰਜੀਤ ਕੌਰ ਅਤੇ 12 ਸਾਲਾ ਚਚੇਰੇ ਭਰਾ ਹਰੀ ਅਮ੍ਰਿਤਪਾਲ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਘਟਨਾ ਦੌਰਾਨ ਮਨਜੋਤ ਸਿੰਘ ਨੂੰ ਰੋਕਣ ਲਈ ਅੱਗੇ ਆਏ ਉਸਦੇ ਦੋਸਤ ਪ੍ਰਗਟ ਸਿੰਘ, ਜੋ ਕਿ ਫੌਜ ਵਿੱਚ ਸੇਵਾ ਨਿਭਾ ਰਿਹਾ ਦੱਸਿਆ ਜਾ ਰਿਹਾ ਹੈ, ਨੂੰ ਵੀ ਗੋਲੀ ਲੱਗ ਗਈ, ਜਿਸ ਕਾਰਨ ਉਸਦੀ ਮੌਤ ਹੋ ਗਈ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮਨਜੋਤ ਸਿੰਘ ਆਪਣੇ ਘਰ ਵਾਪਸ ਚਲਾ ਗਿਆ, ਜਿੱਥੇ ਉਸਨੇ ਰਸੋਈ ਵਿੱਚ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਇਸ ਤਰ੍ਹਾਂ ਇਸ ਖੂਨੀ ਘਟਨਾ ਵਿੱਚ ਕੁੱਲ ਚਾਰ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸੇਖਵਾਂ ਦੀ ਪੁਲਿਸ ਅਤੇ ਡੀਐਸਪੀ ਬਟਾਲਾ ਸੁਖਿੰਦਰ ਸਿੰਘ ਮੌਕੇ ‘ਤੇ ਪਹੁੰਚ ਗਏ। ਫੋਰੈਂਸਿਕ ਟੀਮ ਨੇ ਵੀ ਮੌਕੇ ਦਾ ਮੁਆਇਨਾ ਕਰਕੇ ਸਬੂਤ ਇਕੱਠੇ ਕਰਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਚਾਰਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਦੇ ਡੈੱਡ ਹਾਊਸ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਹਰ ਪੱਖ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੇ ਤੱਥਾਂ ਦੀ ਪੁਸ਼ਟੀ ਹੋਣ ਉਪਰੰਤ ਹੀ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿੱਚ ਇਸ ਘਟਨਾ ਤੋਂ ਬਾਅਦ ਦਹਿਸ਼ਤ ਅਤੇ ਸੋਗ ਦਾ ਮਾਹੌਲ ਬਣਿਆ ਹੋਇਆ ਹੈ।









